ਸਮੇਂ ਸਿਰ ਬਦਲੀਆਂ ਨਾ ਕਰਨ ਕਰਕੇ ਸਰਕਾਰ ਨੂੰ ਘੇਰਾਂਗੇ: ਤਾਮਕੋਟ
ਮਾਨਸਾ : 4 ਅਕਤੂਬਰ, ਦੇਸ਼ ਕਲਿੱਕ ਬਿਓਰੋ
ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਜਿਲਾ ਮਾਨਸਾ ਪ੍ਰਧਾਨ ਕਰਮਜੀਤ ਤਾਮਕੋਟ ਅਤੇ ਸਕੱਤਰ ਹਰਜਿੰਦਰ ਅਨੂਪਗੜ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਬਦਲੀਆਂ ਵਿੱਚ-ਵਿਚਾਲੇ ਲਮਕਾ ਰੱਖੀਆਂ ਹਨ ਜਿਸ ਕਰਕੇ ਦੂਰ-ਦੁਰਾਡੇ ਸਟੇਸ਼ਨਾਂ 'ਤੇ ਕੰਮ ਕਰ ਅਧਿਆਪਕਾਂ ਖਾਸ ਕਰਕੇ ਅਧਿਆਪਕਾਵਾਂ ਨੂੰ ਬਹੁਤ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਡੀ.ਟੀ.ਐੱਫ. ਲਗਾਤਾਰ ਸਰਕਾਰ ਤੋਂ ਮੰਗ ਕਰ ਰਹੀ ਹੈ ਕਿ ਬਦਲੀਆਂ ਜਲਦੀ ਲਾਗੂ ਕਰਕੇ ਅਧਿਆਪਕਾਂ ਤੇ ਬੱਚਿਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕੀਤਾ ਜਾਵੇ, ਅੱਧਾ ਸਾਲ ਲੰਘ ਜਾਣ ਦੇ ਬਾਵਜੂਦ ਵੀ ਬਦਲੀਆਂ 'ਤੇ ਸਰਕਾਰ ਨੇ ਚੁੱਪ ਧਾਰੀ ਹੋਈ ਹੈ। ਇਸ ਸਮੇਂ ਸੀਨੀਅਰ ਆਗੂ ਗੁਰਤੇਜ ਉੱਭਾ,ਰਾਜਵਿੰਦਰ ਬੈਹਣੀਵਾਲ ਅਤੇ ਬਲਜਿੰਦਰ ਅਕਲੀਆ ਨੇ ਦੱਸਿਆ ਕਿ ਸਾਲ 2018 ਵਿਚ ਸਿੱਖਿਆ ਵਿਭਾਗ ਦੇ ਕੁੱਝ ਨਿਯਮਾਂ ਵਿੱਚ ਤਬਦੀਲੀਆਂ ਕਰਕੇ ਸਿੱਖਿਆ ਵਿਭਾਗ ਵਿੱਚ ਤਰੱਕੀਆਂ ਦਾ ਰਾਹ ਹੀ ਬੰਦ ਕੀਤਾ ਜਾ ਰਿਹਾ ਹੈ। 2018 'ਚ ਜਾਂ ਉਸ ਤੋਂ ਬਾਅਦ ਪ੍ਰਮੋਟ ਹੋਏ ਅਧਿਆਪਕਾਂ ਨੂੰ ਟੈਸਟ ਪਾਸ ਕਰਨ ਤੋਂ ਬਾਅਦ ਹੀ ਇੰਕਰੀਮੈਂਟ ਦਿੱਤਾ ਜਾਵੇਗਾ ਜੋ ਪਿਛਲੇ ਸਮੇਂ ਅਧਿਆਪਕ ਉੱਚ ਸਕੇਲ ਵਿੱਚ ਪ੍ਰਮੋਟ ਕੀਤੇ ਗਏ ਹਨ ਉਨ੍ਹਾਂ ਤੇ ਟੈਸਟ ਥੋਪ ਦਿੱਤਾ ਗਿਆ ਹੈ। ਅਧਿਆਪਕ ਪਹਿਲਾਂ ਹੀ ਭਰਤੀ ਸਮੇਂ ਬਹੁਤ ਸਾਰੇ ਟੈਸਟਾਂ ਵਿੱਚੋਂ ਲੰਘ ਕੇ ਭਰਤੀ ਹੁੰਦੇ ਹਨ। ਹੁਣ ਦੁਬਾਰਾ ਟੈਸਟ ਥੋਪ ਕੇ ਅਧਿਆਪਕਾਂ 'ਤੇ ਆਰਥਿਕ ਹਮਲਾ ਕਰ ਰਹੀ ਹੈ, ਇਸ ਨਾਲ਼ ਸਿਖਿਆ ਵਿਭਾਗ ਦਾ ਸਮਾਂ ਵੀ ਅਜਾਈ ਜਾ ਰਿਹਾ, ਅਤੇ ਇਸਦੇ ਨਾਲ ਜਿਹੜਾ ਸਮਾਂ ਅਧਿਆਪਕਾਂ ਨੇ ਬੱਚਿਆਂ ਨੂੰ ਪੜ੍ਹਾਉਣ ਹੈ ਉਹ ਸਮਾਂ ਅਧਿਆਪਕ ਆਪਣੇ ਟੈਸਟ ਦੀ ਤਿਆਰੀ ਕਰਨ 'ਤੇ ਲਗਾਉਣਗੇ। ਅਸਲ ਵਿੱਚ ਇਹਨਾਂ ਟੈਸਟਾਂ ਪਿੱਛੇ ਸਰਕਾਰ ਦੀ ਅਸਲ ਮਨਸ਼ਾ ਅਧਿਆਪਕਾਂ ਦਾ ਬੌਧਿਕ ਵਿਕਾਸ ਕਰਨਾ ਨਹੀਂ ਸਗੋਂ ਟੈਸਟਾਂ ਦਾ ਹਊਆ ਖੜ੍ਹਾ ਕਰਕੇ ਅਧਿਆਪਕਾਂ ਨੂੰ ਸਕੂਲਾਂ 'ਚੋ ਬਾਹਰ ਕਰਨਾ ਹੈ ਤੇ ਸਿਖਿਆ ਦਾ ਨਿੱਜੀਕਰਨ ਕਰਨ ਦੇ ਰਾਹ ਨੂੰ ਹੋਰ ਮੋਕਲ਼ਾ ਕਰਨਾ ਹੈ, ਇੰਕਰੀਮੈਂਟ ਬੰਦ ਕਰਕੇ ਅਧਿਆਪਕਾਂ ਨੂੰ ਨਿਰ ਉਤਸ਼ਾਹਿਤ ਕਰਨਾ ਹੈ।
ਅਧਿਆਪਕ ਆਗੂਆਂ ਨਿਧਾਨ ਸਿੰਘ,ਸ਼ਿੰਗਾਰਾ ਦਲੇਵਾਲਾ ਅਤੇ ਮੱਘਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾ 'ਚ ਸੇਵਾਵਾਂ ਨਿਭਾ ਰਹੇ ਕਰਮਚਾਰੀਆਂ ਦਾ ਪੇਂਡੂ ਭੱਤਾ ਅਜੇ ਤੱਕ ਲਾਗੂ ਨਹੀਂ ਕੀਤਾ। ਇਹ ਪਿੰਡਾਂ ਦੇ ਲੋਕਾਂ ਨਾਲ਼ ਧੱਕਾ ਦੇ ਹੈ , ਖਰਚੇ ਵਧਣ ਕਾਰਨ ਦੂਰ ਦੁਰਾਡੇ ਪਿੰਡਾਂ ਵਿੱਚ ਕਰਮਚਾਰੀ ਜਾਣ ਤੋਂ ਕਤਰਾਉਣਗੇ , ਫਲਸਰੂਪ ਪੇਂਡੂ ਵਿਦਿਆਰਥੀਆਂ ਨਾਲ ਵਿਤਕਰਾ ਹੋਵੇਗਾ, ਹਾਸ਼ੀਏ 'ਤੇ ਜਿਉਂ ਰਹੇ ਲੋਕਾਂ ਨਾਲ ਹੋਰ ਧੱਕਾ ਹੋਵੇਗਾ। ਸਰਕਾਰ ਜਥੇਬੰਦੀ ਦੀਆਂ ਅਪੀਲਾਂ-ਦਲੀਲਾਂ ਸੁਣਨ ਤੋਂ ਬੋਲ਼ੀ ਹੋ ਚੁੱਕੀ, ਇਸ ਕਰਕੇ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਸਰਕਾਰ ਨੂੰ ਆਪਣੀ ਗੱਲ ਸੁਣਾਉਣ ਤੇ ਮਨਵਾਉਣ 16 ਅਕਤੂਬਰ ਦਿਨ ਐਤਵਾਰ ਨੂੰ ਉਹਨਾਂ ਦੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਜਿਲਾ ਕਮੇਟੀ ਦੇ ਆਗੂਆਂ ਗੁਰਦੀਪ ਬਰਨਾਲਾ,ਗੁਰਜੀਤ ਮਾਨਸਾ,ਰਜਿੰਦਰ ਜਵਾਹਰਕੇ,ਅਮਨਦੀਪ ਕੌਰ,ਰੇਨੂ ਬਾਲਾ,ਅਮਰਪ੍ਰੀਤ ਕੌਰ,ਗੁਰਸੇਵਕ ਝੁਨੀਰ,ਮਨਜੀਤ ਧਾਲੀਵਾਲ,ਸੁਖਚੈਨ ਗੁਰਨੇ,ਅਰਵਿੰਦਰ ਖੈਰਾ, ਅਮ੍ਰਿਤਪਾਲ ਖੈਰਾ,ਅਵਤਾਰ ਦੋਦੜਾ,ਦਮਨਜੀਤ,ਸੇਵਾ ਬੋੜਾਵਾਲ, ਨੇ ਸਮੂਹ ਅਧਿਆਪਕ ਵਰਗ ਨੂੰ ਅਪੀਲ ਕੀਤੀ ਹੈ ਕਿ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਵਧ ਚੜ੍ਹ ਕੇ ਵੀ ਡੀਟੀਐੱਫ਼ ਦੀ ਸੂਬਾਈ ਰੈਲੀ ਵਿੱਚ ਸ਼ਮੂਲੀਅਤ ਕੀਤੀ ਜਾਵੇ।