ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 3 ਅਕਤੂਬਰ, 2022: ਸੰਗਰੂਰ-ਸਥਾਨਕ ਤਰਕਸ਼ੀਲ ਇਕਾਈ ਦੇ ਆਗੂਆਂ ਨੇ ਤਰਕਸ਼ੀਲ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਹਿਤ ਸਕੂਲਾਂ 'ਚ ਤਰਕਸ਼ੀਲ ਪ੍ਰੋਗਰਾਮਾਂ ਦੀ ਚਲਾਈ ਲੜੀ ਤਹਿਤ ਅੱਜ ਆਦਰਸ਼ (ਮਾਡਲ) ਸੀਨੀਅਰ ਸੈਕੰਡਰੀ ਸਕੂਲ ਵਿੱਚ ਤਰਕਸ਼ੀਲ ਪ੍ਰੋਗਰਾਾਮਕ ਕਰਵਾ ਕੇ ਚੇਤਨਾ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ।
ਤਰਕਸ਼ੀਲ ਆਗੂਆਂ ਮਾਸਟਰ ਪਰਮਵੇਦ, ਚਰਨ ਕਮਲ ਸਿੰਘ ਅਤੇ ਸੀਤਾ ਰਾਮ ਨੇ ਦੱਸਿਆ ਕਿ ਚੌਥੀ ਤਰਕਸ਼ੀਲ ਵਿਦਿਆਰਥੀ ਚੇਤਨਾ ਪ੍ਰੀਖਿਆ 'ਚ ਭਾਗ ਲੈਣ ਵਾਲੇ 51 ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਉਹਨਾ ਦੀ ਵਿਗਿਆਨਕ ਸੋਚ ਪ੍ਰਤੀ ਲਗਨ ਨੂੰ ਉਤਸ਼ਾਹਿਤ ਕਰਨ ਦਾ ਉਪਰਲਾ ਕੀਤਾ ਗਿਆ। ਪ੍ਰੀਖਿਆ ਵਿੱਚ ਸਹਾਈ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਤਰਕਸ਼ੀਲ ਵਿਦਿਆਰਥੀ ਚੇਤਨਾ ਪ੍ਰੀਖਿਆ ਦੀ ਹਰਮਨ ਪਿਆਰਤਾ ਹਰ ਸਾਲ ਵਧ ਰਹੀ ਹੈ।
ਇਸ ਮੌਕੇ ਤਰਕਸ਼ੀਲ ਆਗੂ ਮਾਸਟਰ ਪਰਮਵੇਦ, ਚਰਨ ਕਮਲ ਸਿੰਘ ਅਤੇ ਸੀਤਾ ਰਾਮ ਨੇ ਸੁਸਾਇਟੀ ਦੀ ਸਮਝ ਵਿਦਿਆਰਥੀਆਂ ਅਤੇ ਸਟਾਫ ਨਾਲ ਸਾਂਝੀ ਕਰਦਿਆਂ ਉਨ੍ਹਾਂ ਹਾਜਰੀਨ ਨੂੰ ਅੰਧਵਿਸ਼ਵਾਸ਼ਾਂ, ਵਹਿਮਾਂ-ਭਰਮਾਂ ਤੇ ਰੂੜ੍ਹੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰ ਅਪਨਾਉਣ ਦਾ ਭਾਵਪੂਰਤ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦੁਨੀਆਂ ਵਿੱਚ ਘਟਨਾਵਾਂ ਵਾਪਰਦੀਆਂ ਹਨ ਤੇ ਉਨ੍ਹਾਂ ਦੇ ਕਾਰਨ ਜਾਣਨਾ ਹੀ ਤਰਕਸ਼ੀਲਤਾ ਹੈ। ਕਿਸੇ ਅਖੌਤੀ ਸਿਆਣੇ, ਤਾਂਤਰਿਕ ਕੋਲ ਕੋਈ ਗੈਬੀ ਸ਼ਕਤੀ ਨਹੀਂ। ਜਿਸ ਨਾਲ ਕਿਸੇ ਦਾ ਕੁੱਝ ਸੰਵਾਰਿਆ ਜਾਂ ਨੁਕਸਾਨਿਆ ਜਾ ਸਕੇ, ਉਨ੍ਹਾਂ ਕੋਲ ਸਿਰਫ ਤੇ ਸਿਰਫ ਭਰਮਾਊ ਨੁਕਤੇ ਹੁੰਦੇ ਹਨ, ਜਿਸ ਨਾਲ ਲੋਕਾਂ ਦੀ ਲੁੱਟ ਕਰਦੇ ਹਨ।
ਜਾਦੂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਜਾਦੂ ਹੱਥ ਦੀ ਸਫਾਈ, ਮੁਹਾਰਤ ਤੇ ਵਿਗਿਆਨਕ ਨਿਯਮਾਂ ਤੇ ਅਧਾਰਤ ਹੁੰਦੇ ਹਨ। ਜਾਦੂਗਰ ਇਹ ਵਿਖਾ ਕੇ ਘਰ ਤੋਰਦਾ ਹੈ ਪਰ ਬਾਬੇ ਅਜਿਹਾ ਕੁਝ ਕਰਕੇ ਆਪਣੇ-ਆਪ ਨੂੰ, ਪਹੁੰਚੇ ਹੋਏ ਪੇਸ਼ ਕਰਕੇ ਲੋਕਾਂ ਦੀ ਆਰਥਿਕ, ਮਾਨਸਿਕ ਤੇ ਇਥੋਂ ਤੱਕ ਕਿ ਸਰੀਰਕ ਲੁੱਟ ਵੀ ਕਰਦੇ ਹਨ।
ਇਸ ਸਨਮਾਨ ਸਮਾਗਮ ਵਿੱਚ ਪ੍ਰਿੰਸੀਪਲ ਜੋਗਾ ਸਿੰਘ, ਵਾਈਸ ਪ੍ਰਿੰਸੀਪਲ ਵਿਜੈ ਕੁਮਾਰ, ਅਧਿਆਪਿਕਾਵਾਂ ਗੁਰਪ੍ਰੀਤ ਕੌਰ ਮਨਦੀਪ ਕੌਰ ਅਤੇ ਭਾਵਨਾ ਨੇ ਸ਼ਮੂਲੀਅਤ ਕੀਤੀ।