ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 3 ਅਕਤੂਬਰ, 2022: ਆਪਣੇ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਖਿਲਾਫ਼ ਤਿੱਖਾ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ 'ਬੇਰੁਜ਼ਗਾਰ ਈਟੀਟੀ ਟੈੱਟ ਪਾਸ 2364 ਸੰਘਰਸ਼ ਕਮੇਟੀ' ਦੀ ਅਗਵਾਈ ਹੇਠ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਅਣਮਿੱਥੇ ਸਮੇਂ ਲਈ ਸੂਬਾ ਪੱਧਰੀ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਅਧਿਆਪਕ ਸਥਾਨਕ ਬੀਐੱਸਐੱਨਐੱਲ ਪਾਰਕ ਵਿੱਚ ਇਕੱਠੇ ਹੋਏ ਜਿੱਥੋਂ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕਰਦੇ ਹੋਏ ਡਿਪਟੀ ਕਮਿਸ਼ਨਰ ਦਫ਼ਤਰ ਪੁੱਜੇ ਤੇ ਮਰਨ ਵਰਤ ਸ਼ੁੁਰੂ ਕਰ ਦਿੱਤਾ। ਯੂਨੀਅਨ ਦੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਖੁਦ ਅਤੇ ਆਗੂ ਸੁਖਚੈਨ ਸਿੰਘ ਮਾਨਸਾ ਮਰਨ ਵਰਤ ’ਤੇ ਬੈਠ ਗਏ ਹਨ। ਉਹ ਅਧਿਆਪਕਾਂ ਦੀ ਭਰਤੀ ਬਹਾਲ ਕਰਾਉਣ ਲਈ ਸਰਕਾਰ ਵਲੋਂ ਮਾਣਯੋਗ ਹਾਈਕੋਰਟ ਵਿੱਚ ਹਲਫਨਾਮਾ ਦਾਇਰ ਕਰਨ ਦੀ ਮੰਗ ਕਰ ਰਹੇ ਹਨ।
ਇਸ ਮੌਕੇ ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕ 2364 ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਟੈਟ ਪਾਸ 2364 ਈਟੀਟੀ ਅਧਿਆਪਕਾਂ ਦੀ ਭਰਤੀ 6 ਮਾਰਚ 2020 ਨੂੰ ਆਈ ਸੀ ਜਿਸ ਮਗਰੋਂ ਪੂਰੀ ਭਰਤੀ ਪ੍ਰਕਿਰਿਆ ਮੁਕੰਮਲ ਕੀਤੀ ਗਈ ਪਰੰਤੂ ਅਜੇ ਤੱਕ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ ਕਿਉਂਕਿ ਭਰਤੀ ਸਬੰਧੀ ਅਦਾਲਤ ਵਿਚ ਕਈ ਕੇਸ ਲੱਗੇ ਹੋਏ ਹਨ। ਅਦਾਲਤ ਵਲੋਂ ਸੁਣਵਾਈ ਦੌਰਾਨ ਸਰਕਾਰ ਨੂੰ ਭਰਤੀ ਨਾਲ ਸਬੰਧਤ ਬੋਰਡ ਦਾ ਹਲਫਨਾਮਾ ਦਾਖਲ ਕਰਨ ਲਈ ਕਿਹਾ ਗਿਆ ਹੈ ਪਰੰਤੂ ਸਰਕਾਰ ਹਲਫਨਾਮਾ ਦਾਇਰ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਅਦਾਲਤ ਵਿਚ ਕੇਸ ਦੀ ਸੁਣਵਾਈ 23 ਅਗਸਤ ਦੀ ਸੀ ਪਰੰਤੂ ਸਰਕਾਰ ਵਲੋਂ ਹਲਮਨਾਮਾ ਦਾਇਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੱਥੇਬੰਦੀ ਨੂੰ ਸਰਕਾਰ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ 15 ਦਿਨਾਂ ਦੇ ਅੰਦਰ ਅੰਦਰ ਸਰਕਾਰ ਹਲਫਨਾਮਾ ਦਾਇਰ ਕਰ ਦੇਵੇਗੀ ਪਰੰਤੂ ਅਮਲੀ ਤੌਰ ’ਤੇ ਕੋਈ ਪ੍ਰਕਿਰਿਆ ਸਰਕਾਰ ਵਲੋਂ ਨਹੀਂ ਕੀਤੀ ਜਾ ਰਹੀ। 2364 ਈਟੀਟੀ ਅਧਿਆਪਕ ਲੰਮੇ ਸਮੇਂ ਤੋਂ ਨਿਯੁਕਤੀ ਪੱਤਰਾਂ ਦੀ ਉਡੀਕ ਵਿੱਚ ਹਨ ਜਿੰਨ੍ਹਾਂ ’ਚ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਾਂਹ-ਪੱਖੀ ਵਤੀਰੇ ਖ਼ਿਲਾਫ ਅੱਜ ਬੇਰੁਜ਼ਗਾਰ ਅਧਿਆਪਕ ਮੁੱਖ ਮੰਤਰੀ ਦੇ ਸ਼ਹਿਰ ਵਿਚ ਅਣਮਿਥੇ ਸਮੇਂ ਲਈ ਮਰਨ ਵਰਤ ਸ਼ੁਰੂ ਕਰਨ ਲਈ ਮਜਬੂਰ ਹੋਏ ਹਨ।
ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਪੰਜਾਬ ਸਰਕਾਰ ਅਦਾਲਤ ਵਿਚ 2364 ਅਧਿਆਪਕਾਂ ਦੀ ਭਰਤੀ ਬਹਾਲ ਕਰਾਉਣ ਲਈ ਹਲਫਨਾਮਾ ਦਾਇਰ ਨਹੀਂ ਕਰਦੀ ਉਦੋਂ ਤੱਕ ਮਰਨ ਵਰਤ ਜਾਰੀ ਰਹੇਗਾ। ਇਸ ਮੌਕੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ, ਗੁਰਪ੍ਰੀਤ ਸਮਾਣਾ, ਗੁਰਜੰਟ ਪਟਿਆਲਾ, ਬਲਵਿੰਦਰ ਕਾਕਾ, ਜੀਵਣ ਸੰਗਰੂਰ, ਕੁਲਦੀਪ ਚਾਹਲ, ਹਰਬੰਸ ਪਟਿਆਲਾ, ਮੋਨੂੰ ਫਿਰੋਜ਼ਪੁਰ ਆਦਿ ਆਗੂ ਮੌਜੂਦ ਸਨ।