ਦਲਜੀਤ ਕੌਰ ਭਵਾਨੀਗੜ੍ਹ
ਧੂਰੀ, 28 ਸਤੰਬਰ, 2022 : ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ 115ਵਾਂ ਜਨਮ ਦਿਨ ਪ੍ਰਿੰਸੀਪਲ ਡਾ ਬਾਲ ਕ੍ਰਿਸ਼ਨ ਦੀ ਅਗਵਾਈ ਵਿੱਚ ਐੱਨ ਐੱਸ ਐੱਸ ਵਿਭਾਗ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਤਹਿਸੀਲਦਾਰ ਧੂਰੀ ਸ. ਕੁਲਦੀਪ ਸਿੰਘ ਨੇ ਬਤੌਰ ਮੁੱਖ ਮਹਿਮਾਨ ਅਤੇ ਮੁੱਖ ਵਕਤਾ ਵਜ਼ੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਇਤਿਹਾਸਿਕ ਤੱਥਾਂ ਦੇ ਆਧਾਰ ਤੇ ਬੋਲਦੇ ਹੋਏ ਸਮੇਂ-ਸਮੇਂ ਸ਼ੁਰੂ ਹੋਏ ਵੱਖ-ਵੱਖ ਅੰਦੋਲਨਾਂ ਬਾਰੇ ਜਿਕਰ ਕਰਦੇ ਹੋਏ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਵੱਲੋਂ ਸੁਤੰਤਰਤਾ ਸੰਗਰਾਮ ਵਿੱਚ ਪਾਏ ਅਹਿਮ ਯੋਗਦਾਨ ਅਤੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਬਾਰੇ ਵਿਸਥਾਰ ਸਹਿਤ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।
ਜਨਮ ਦਿਨ ’ਤੇ ਵਿਸ਼ੇਸ਼ ਤੌਰ ਤੇ ਇਤਿਹਾਸ ਵਿਭਾਗ ਦੇ ਵਿਦਿਆਰਥੀਆਂ ਨੇ ਸਰਦਾਰ ਭਗਤ ਸਿੰਘ ਦੇ ਜੀਵਨ ਅਤੇ ਵਿਚਾਰਧਾਰਾ ਨਾਲ ਸਬੰਧਤ ਕਿਤਾਬਾਂ ਕਾਲਜ ਲਾਇਬ੍ਰੇਰੀ ਨੂੰ ਦਾਨ ਕੀਤੀਆਂ ਗਈਆਂ ਅਤੇ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸਬੰਧਤ ਫ਼ਿਲਮ ਵਿਦਿਆਰਥੀਆਂ ਨੂੰ ਦਿਖਾਈ ਗਈ।
ਇਸ ਮੌਕੇ ਕਾਲਜ ਪ੍ਰਿੰਸੀਪਲ ਨੇ ਵਿਦਿਆਥੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਆਏ ਮਾਹਿਮਾਨਾਂ ਦਾ ਰਸਮੀ ਤੌਰ ’ਤੇ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਭੂਮਿਕਾ ਪ੍ਰੋ ਰਜਿੰਦਰ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਐੱਨ ਐੱਸ ਐੱਸ ਯੂਨਿਟਾਂ ਦੇ ਪ੍ਰੋਗਰਾਮ ਅਫ਼ਸਰ ਡਾ ਗਗਨਦੀਪ ਸਿੰਘ ਤੇ ਡਾ ਊਸ਼ਾ ਰਾਣੀ ਤੋਂ ਇਲਾਵਾ ਡਾ ਜਸਬੀਰ ਸਿੰਘ, ਵਰਿੰਦਰਪਾਲ ਸਿੰਘ ਪਟਾਵਰੀ ਧੂਰੀ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।