ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 27 ਸਤੰਬਰ, 2022 ਸਥਾਨਕ ਸਰਕਾਰੀ ਰਣਬੀਰ ਕਾਲਜ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ( ਸ਼ਹੀਦ ਰੰਧਾਵਾ) ਵੱਲੋਂ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਨ ਨੂੰ ਸਮਰਪਿਤ ਵਿਦਿਆਰਥੀ ਇਕਤੱਰਤਾ ਕੀਤੀ ਗਈ। ਵਿਦਿਆਰਥੀਆਂ ਨੇ ਹੱਥਾਂ ਵਿਚ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਫੜ ਕੇ ਆਪਣੇ ਸ਼ਹੀਦ ਨੂੰ ਯਾਦ ਕੀਤਾ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂ ਕੋਮਲ ਖਨੌਰੀ, ਰਮਨ ਸਿੰਘ ਕਾਲਾਝਾੜ ਅਤੇ ਕਾਲਜ਼ ਕਮੇਟੀ ਪ੍ਰਧਾਨ ਸੁਖਚੈਨ ਸਿੰਘ ਪੁੰਨਾਵਾਲ ਨੇ ਕਿਹਾ ਕਿ ਇੱਕ ਪਾਸੇ ਤਾਂ ਲੋਕਾਂ ਦੀ ਇਨਕਲਾਬੀ ਲਹਿਰ ਅੰਦਰ ਨਿੱਤ ਦਿਨ ਨਵੇਂ ਆ ਰਹੇ ਉਭਾਰ ਤੇ ਇਸ ਵਿੱਚ ਵੱਡੇ ਪ੍ਰੇਰਨਾ ਸਰੋਤ ਤੇ ਮਾਰਗ ਦਰਸ਼ਕ ਵਜੋਂ ਸ਼ਹੀਦ ਭਗਤ ਸਿੰਘ ਦੇ ਉੱਭਰ ਰਹੇ ਅਕਸ ਤੋਂ ਖਿਝੇ ਹੋਏ ਸਿਮਰਨਜੀਤ ਸਿੰਘ ਮਾਨ ਵਰਗੇ ਫਿਰਕਾਪ੍ਰਸਤ ਅਤੇ ਸਾਮਰਾਜਵਾਦ ਤੇ ਜਗੀਰਦਾਰੀ ਦੇ ਜੱਦੀ ਪੁਸ਼ਤੀ ਵਫ਼ਾਦਾਰ ਸ਼ਹੀਦ ਭਗਤ ਸਿੰਘ ਉਪਰ ਸਿੱਧੇ ਹਮਲੇ ਕਰਨ 'ਤੇ ਉਤਾਰੂ ਹੋ ਗਏ ਹਨ। ਉਹ ਉਸਨੂੰ ਨਾਂ ਸਿਰਫ਼ ਸ਼ਹੀਦ ਮੰਨਣ ਤੋਂ ਇਨਕਾਰੀ ਹੋਏ ਹਨ ਸਗੋਂ ਉਸਨੂੰ "ਆਰੀਆ ਸਮਾਜੀ ਹਿੰਦੂ ਰਾਸ਼ਟਰਵਾਦੀ" ਤੇ ਅਤੰਕਵਾਦੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੂਜੇ ਪਾਸੇ ਹਕੂਮਤੀ ਪਾਰਟੀ ਆਪ ਦੇ ਨਾਂ ਹੇਠ ਜੁੜੇ ਨਕਲੀ ਇਨਕਲਾਬੀ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੇ ਆਦਰਸ਼ਾਂ ਨੂੰ ਕਤਲ ਕਰਨ 'ਤੇ ਤੁਲੇ ਹੋਏ ਹਨ। ਉਹ ਪੱਗ ਬਸੰਤੀ ਬੰਨ੍ਹਦੇ ਆ ਤੇ ਮੱਥਾ ਖਟਕੜਕਲਾਂ ਜਾ ਕੇ ਟੇਕਦੇ ਹਨ, ਪਰ ਦੇਸ਼ ਦੇ ਵਿਕਾਸ ਦਾ ਮਾਡਲ ਮਿਊਨਿਖ (ਜਰਮਨੀ) ਤੋਂ ਲੈਕੇ ਆਉਂਦੇ ਆ। ਯਾਨੀ ਨਾਹਰੇ ਉਹ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਲਿਆਉਣ ਦੇ ਲਾਉਂਦੇ ਹਨ ਪਰ ਲਾਗੂ ਉਹੀ ਕਾਰਪੋਰੇਟ ਮਾਡਲ ਕਰਦੇ ਹਨ, ਜਿਹੜਾ ਹੁਣ ਤਾਂਈਂ ਅਕਾਲੀ ਕਾਂਗਰਸੀ ਤੇ ਭਾਜਪਾਈ ਕਰਦੇ ਆ ਰਹੇ ਹਨ।ਵਿਦਿਆਰਥੀ ਆਗੂਆਂ ਨੇ ਕਿਹਾ ਕਿ ਅੱਜ ਦੇ ਦਿਨ ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹੋ ਹੈ ਕਿ ਸਿੱਖਿਆ ਦੇ ਨਿੱਜੀਕਰਨ ਤੇ ਨਵੀਂ ਸਿੱਖਿਆ ਨੀਤੀ 2020 ਖਿਲਾਫ ਸੰਘਰਸ਼ ਨੂੰ ਤੇਜ਼ ਕੀਤਾ ਜਾਵੇ।
ਅਖ਼ੀਰ ਵਿਚ ਵਿਦਿਆਰਥੀਆਂ ਨੂੰ 28 ਸਤੰਬਰ ਨੂੰ ਬੀਕੇਯੂ ਉਗਰਾਹਾਂ ਦੀ "ਸ਼ਹੀਦ ਭਗਤ ਸਿੰਘ ਜ਼ਿੰਦਾਬਾਦ ਕਾਨਫਰੰਸ" ਵਿੱਚ ਤੇ 6 ਅਕਤੂਬਰ ਨੂੰ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਦੀ 50 ਵੀ ਬਰਸੀ ਤੇ ਰੀਗਲ ਸਿਨੇਮਾ ਮੋਗੇ ਪਹੁੰਚਣ ਦਾ ਸੱਦਾ ਦਿੱਤਾ।
ਇਸ ਮੌਕੇ ਹਰਪ੍ਰੀਤ ਸਿੰਘ ਕਨੋਈ, ਅੰਮ੍ਰਿਤ ਸਿੰਘ ਬਲਦ ਕਲਾਂ, ਅਵੀ ਉਪੱਲੀ, ਬਲਜਿੰਦਰ ਕੌਰ, ਅੰਜੂ, ਜਮਨਾ, ਬੰਟੀ ਕਹੇਰੂ, ਮਨਪ੍ਰੀਤ ਕੌਰ ਬਡਬਰ, ਗੁਰਵੀਰ ਕੌਰ, ਅਮਨ ਨੱਤਾ, ਲਵਪ੍ਰੀਤ ਮਹਿਲਾ, ਵਰਿੰਦਰ ਸਿੰਘ, ਸੰਦੀਪ ਸਿੰਘ ਘਰਾਚੋਂ ਆਦਿ ਵਿਦਿਆਰਥੀ ਹਾਜ਼ਰ ਸਨ।