ਮੋਹਾਲੀ: 25 ਸਤੰਬਰ, ਜਸਵੀਰ ਸਿੰਘ ਗੋਸਲ
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ,ਸੀ.ਮੀਤ ਪ੍ਰਧਾਨ ਅਮਨ ਸ਼ਰਮਾ ਸਟੇਟ ਅਵਾਰਡੀ ਅਤੇ ਜਨਰਲ ਸਕੱਤਰ ਬਲਰਾਜ ਬਾਜਵਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਅਜੀਤਗੜ੍ਹ ਮੋਹਾਲੀ ਵੱਲੋਂ ਦਸਵੀ ਅਤੇ ਬਾਰਵੀਂ ਸਲਾਨਾ ਪ੍ਰੀਖਿਆਵਾਂ ਦੇ ਨਤੀਜਾ ਸਰਟੀਫਿਕੇਟ ਜਾਰੀ ਕਰਨ ਅਧੀਨ ਭਾਰੀ ਫੀਸ 800 ਰੁਪਏ ਪ੍ਰਤੀ ਸਰਟੀਫਿਕੇਟ ਆਨਲਾਈਨ ਲੈ ਕੇ ਗਰੀਬ ਵਿਦਿਆਰਥੀਆਂ ਦੀ ਲੁੱਟ ਅਤੇ ਖੱਜਲਖੁਆਰੀ ਕਰ ਰਹੀ ਹੈ ।ਕਰੋਨਾ ਤੋ ਪਹਿਲਾਂ ਬੋਰਡ ਨਤੀਜਾ ਜਾਰੀ ਹੋਣ ਤੋ ਬਾਅਦ ਸਕੂਲਾਂ ਨੂੰ ਸਾਰੇ ਪ੍ਰੀਖਿਆਰਥੀਆਂ ਦੇ ਬਿਨਾਂ ਕਿਸੇ ਫੀਸ ਦੇ ਸਰਟੀਫਿਕੇਟ ਜਾਰੀ ਕਰਦਾ ਸੀ ।ਪਰ ਇਸ ਤੋ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਬਹੁਤ ਭਾਰੀ ਪ੍ਰੀਖਿਆ ਫੀਸ ਅਤੇ ਪ੍ਰੈਕਟੀਕਲ ਫੀਸ ਲੈਣ ਦੇ ਬਾਵਜੂਦ ਸਰਟੀਫਿਕੇਟ ਜਾਰੀ ਨਹੀ ਕਰਦਾ ਹੈ ਪਰ ਜੇਕਰ ਕੋਈ ਸਕੂਲ 100 ਰੁਪਏ ਪ੍ਰਤੀ ਸਰਟੀਫਿਕੇਟ ਫੀਸ ਪ੍ਰੀਖਿਆ ਫੀਸ ਨਾਲ ਜਮਾਂ ਕਰਵਾਉਂਦਾ ਹੈ ਤਾਂ ਉਸ ਸਕੂਲ ਨੂੰ ਸਰਟੀਫਿਕੇਟ ਜਾਰੀ ਕਰਦਾ ਹੈ ਪਰ ਜਿਹੜਾ ਸਕੂਲ 100 ਰੁਪਏ ਪ੍ਰਤੀ ਸਰਟੀਫਿਕੇਟ ਨਹੀ ਜਮਾਂ ਕਰਵਾਉਂਦਾ ਉਹਨਾਂ ਨੂੰ ਦਸਵੀ ਅਤੇ ਬਾਰਵੀਂ ਸਰਟੀਫਿਕੇਟ ਜਾਰੀ ਨਹੀ ਕੀਤਾ ਜਾਂਦਾ। ਬਾਅਦ ਵਿੱਚ ਪ੍ਰੀਖਿਆਰਥੀ ਨੂੰ 100 ਰੁਪਏ ਦੀ ਜਗ੍ਹਾ ਤੇ ਬਹੁਤ ਭਾਰੀ ਫੀਸ 800 ਰੁਪਏ ਆਨਲਾਈਨ ਜਮਾਂ ਕਰਵਾ ਕੇ ਮਹੀਨੇ ਬਾਅਦ ਸਰਟੀਫਿਕੇਟ ਜਾਰੀ ਹੁੰਦਾ ਹੇੈ ।ਗਰੀਬ ਪ੍ਰੀਖਿਆਰਥੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਸਰਟੀਫਿਕੇਟ ਅਪਲਾਈ ਕਰਨ ਲਈ ਸਾਈਬਰ ਕੈਫੇ ਤੇ ਜਾਣ ਲਈ ਖੱਜਲ ਖੁਆਰ ਵੀ ਹੋਣਾ ਪੈਦਾ ਹੈ ਅਤੇ 800 ਰੁਪਏ ਸਰਟੀਫਿਕੇਟ ਫੀਸ ਆਨਲਾਈਨ ਜਮਾਂ ਕਰਵਾਉਣ ਤੋ ਇਲਾਵਾ ਅਪਲਾਈ ਕਰਨ ਦੀ ਵੱਖਰੀ ਮਨਮਰਜੀ ਦੀ ਫੀਸ ਵਸੂਲੀ ਜਾਂਦੀ ਹੈ।
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਆਗੂ,ਸੰਜੀਵ ਕੁਮਾਰ,ਰਣਬੀਰ ਸੋਹਲ ,ਅਮਨ ਸ਼ਰਮਾ ਮੁੱਖ ਮੰਤਰੀ ਸ,ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਚੇਅਰਮੈਨ ਪੰਜਾਬ ਸਕੂਲ ਸਿਖਿਆ ਬੋਰਡ ਨੂੰ ਅਪੀਲ ਕੀਤੀ ਹੈ ਕਿ ਪਹਿਲਾਂ ਵਾਂਗ ਨਤੀਜਾ ਘੋਸ਼ਿਤ ਹੋਣ ਤੋ ਬਾਅਦ ਸਰਟੀਫਿਕੇਟ ਸਕੂਲਾਂ ਨੂੰ ਜਾਰੀ ਕੀਤੇ ਜਾਣ ਤਾਂਕਿ ਗਰੀਬ ਪ੍ਰੀਖਿਆਰਥੀਆਂ ਦੀ ਲੁੱਟ ਖਸੁੱਟ ਅਤੇ ਖਜਲ ਖੁਆਰੀ ਬੰਦ ਹੋ ਸਕੇ।