ਕਾਲਜਾਂ/ਯੂਨੀਵਰਸਿਟੀ 'ਚ ਵਿਦਿਆਰਥੀਆਂ ਲਈ ਜਮਹੂਰੀ ਸਪੇਸ ਬਹਾਲ ਕਰਨ ਦੀ ਕੀਤੀ ਮੰਗ
ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ, 19 ਸਤੰਬਰ, 2022: ਯੂਨੀਵਰਸਿਟੀ, ਘੜੂੰਆਂ ਦੇ ਵਿੱਚ ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓਜ਼ ਵਾਇਰਲ ਹੋਣ ਦੇ ਮਾਮਲੇ 'ਚ ਯੂਨੀਵਰਸਿਟੀ ਪ੍ਰਸ਼ਾਸਨ, ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਦੇ ਨਿੰਦਣਯੋਗ ਰਵੱਈਏ ਦੇ ਖਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਵੱਲੋਂ ਕਾਲਜਾਂ 'ਚ ਰੋਸ ਰੈਲੀਆਂ ਕੀਤੀਆਂ ਗਈਆਂ। ਇਹ ਰੈਲੀਆਂ ਯੂਨੀਵਰਸਿਟੀ ਕਾਲਜ ਮੂਨਕ, ਯੂਨੀਵਰਸਿਟੀ ਕਾਲਜ ਘੁੱਦਾ, ਯੂਨੀਵਰਸਿਟੀ ਕਾਲਜ ਜੈਤੋ, ਸਰਕਾਰੀ ਰਣਬੀਰ ਕਾਲਜ ਸੰਗਰੂਰ ਤੇ ਯੂਨੀਵਰਸਿਟੀ ਕਾਲਜ ਬਹਾਦੁਰ ਦੇ ਵਿੱਚ ਹੋਈਆਂ। ਰੈਲੀਆਂ ਰਾਹੀਂ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਵਿਦਿਆਰਥੀਆਂ ਲਈ ਜਮਹੂਰੀ ਸਪੇਸ ਬਹਾਲ ਕਰਨ ਤੇ ਚੰਡੀਗਡ਼੍ਹ ਯੂਨੀਵਰਸਿਟੀ ਦੇ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਗਈ ।
ਵਿਦਿਆਰਥੀ ਆਗੂ ਹੁਸ਼ਿਆਰ ਸਲੇਮਗੜ ਤੇ ਅਮਿਤੋਜ ਮੌੜ ਨੇ ਕਿਹਾ ਕਿ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਕਾਲਜਾਂ 'ਚ ਵਿਦਿਆਰਥੀਆਂ ਲਈ ਜਮਹੂਰੀ ਸਪੇਸ ਨਾਂ ਦੀ ਕੋਈ ਚੀਜ਼ ਨਹੀਂ ਹੈ ਪ੍ਰਾਈਵੇਟ ਯੂਨੀਵਰਸਿਟੀਆਂ ਵਿਦਿਆਰਥੀਆਂ ਨੂੰ ਸਿਰਫ਼ ਆਪਣੇ ਗਾਹਕ ਸਮਝਦੀਆਂ ਹਨ ਜਿਸ ਕਰਕੇ ਉਨ੍ਹਾਂ ਲਈ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਕੋਈ ਮਾਮਲਾ ਨਹੀਂ ਹੈ। ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿਚ ਵਿਦਿਆਰਥੀਆਂ ਦੇ ਨਾਲ ਨਾਲ ਅਧਿਆਪਕਾਂ ਦੀ ਵੀ ਬਹੁਤ ਮਾੜੀ ਹਾਲਤ ਹੈ ਜਿਨ੍ਹਾਂ ਨੂੰ ਯੂਨੀਵਰਸਿਟੀਆਂ ਦੀਆਂ ਮੈਨੇਜਮੈਂਟਾਂ ਸਿਰਫ ਆਪਣਾ ਗੁਲਾਮ ਸਮਝਦੀਆਂ ਹਨ ਅਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਦਾਖਲੇ ਵਧਾਉਣ ਲਈ ਹਰ ਤਰ੍ਹਾਂ ਦੇ ਝੂਠਾਂ ਦੀ ਵਰਤੋਂ ਕਰਨ ਲਈ ਕਿਹਾ ਜਾਂਦਾ ਹੈ ਅਧਿਆਪਕਾਂ ਨੂੰ ਮਜਬੂਰਨ ਯੂਨੀਵਰਸਿਟੀ ਮੈਨੇਜਮੈਂਟ ਦੀਆਂ ਉਂਗਲਾਂ ਤੇ ਨੱਚਣਾ ਪੈਂਦਾ ਹੈ। ਇਸੇ ਤਰ੍ਹਾਂ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਕਾਲਜ ਵਿਦਿਆਰਥੀਆਂ ਤੋਂ ਮਨਮਰਜ਼ੀ ਦੀਆਂ ਫੀਸਾਂ-ਫੰਡ ਵਸੂਲਣ ਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਅਣਗੌਲਿਆਂ ਕਰਨ ਨੂੰ ਆਪਣਾ ਹੱਕ ਸਮਝਦੇ ਹਨ।
ਉਨ੍ਹਾਂ ਕਿਹਾ ਕਿ ਵੱਡੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਮਾਲਕਾਂ ਦੀ ਸਰਕਾਰੀ-ਦਰਬਾਰੇ ਪਹੁੰਚ ਹੋਣ ਕਰਕੇ ਇਨ੍ਹਾਂ ਯੂਨੀਵਰਸਿਟੀਆਂ ਵੱਲੋਂ ਸ਼ਰ੍ਹੇਆਮ ਵੱਡੀਆਂ ਅਣਗਹਿਲੀਆਂ ਕੀਤੀਆਂ ਜਾਂਦੀਆਂ ਹਨ। ਪੰਜਾਬ 'ਚ ਵੱਡੀ ਗਿਣਤੀ 'ਚ ਵੱਡੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਮਾਲਕ ਮੌਜੂਦਾ ਜਾਂ ਸਾਬਕਾ ਮੰਤਰੀ ਤੇ ਉੱਚ ਅਹੁਦਿਆਂ ਤੇ ਬਿਰਾਜਮਾਨ ਅਫ਼ਸਰ ਹਨ ਜਿਸ ਕਰਕੇ ਯੂਨੀਵਰਸਿਟੀਆਂ ਦੀਆਂ ਮੈਨੇਜਮੈਂਟਾਂ ਕਿਸੇ ਵੀ ਵੱਡੀ ਤੋਂ ਵੱਡੀ ਘਟਨਾ ਨੂੰ ਆਸਾਨੀ ਨਾਲ ਹੀ ਦਬਾ ਲੈਂਦੀਆਂ ਹਨ। ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਮਾਮਲੇ 'ਚ ਵੀ ਅਜਿਹਾ ਹੀ ਵਾਪਰਿਆ ਹੈ ਪੰਜਾਬ ਸਰਕਾਰ ਦੇ ਮੰਤਰੀ, ਪੁਲੀਸ ਤੇ ਸਿਵਲ ਅਫ਼ਸਰ, ਮਹਿਲਾ ਕਮਿਸ਼ਨ ਸਭ ਦੇ ਸਭ ਪ੍ਰਾਈਵੇਟ ਯੂਨੀਵਰਸਿਟੀ ਦੀ ਪਿੱਠ 'ਤੇ ਆ ਗਏ ਹਨ ਤੇ ਸ਼ਰ੍ਹੇਆਮ ਅਸ਼ਲੀਲ ਵੀਡੀਓਜ਼ ਬਣਨ ਤੋਂ ਇਨਕਾਰ ਕਰਦੇ ਦਿਖਾਈ ਦਿੱਤੇ ਹਨ ਪ੍ਰੰਤੂ ਸੱਚਾਈ ਸੋਸ਼ਲ ਮੀਡੀਆ ਰਾਹੀਂ ਸਭ ਦੇ ਸਾਹਮਣੇ ਆ ਗਈ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ 'ਤੇ ਲਾਠੀਚਾਰਜ ਕਰਨਾ ਨਿਖੇਧੀਜਨਕ ਕਾਰਵਾਈ ਹੈ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਤੇ ਕਾਲਜਾਂ 'ਚ ਪੜ ਰਹੇ ਵਿਦਿਆਰਥੀਆਂ ਨੂੰ ਇਨ੍ਹਾਂ ਸੰਸਥਾਵਾਂ 'ਚ ਜਮਹੂਰੀ ਸਪੇਸ ਬਹਾਲ ਕਰਵਾਉਣ ਲਈ ਲੰਮੇ ਤੇ ਖਾੜਕੂ ਸੰਘਰਸ਼ ਦੇ ਰਾਹ ਪੈਣ ਦੀ ਲੋੜ ਹੈ।