ਸਰਕਾਰ ਹੋਰ ਸਬਰ ਦਾ ਇਮਤਿਹਾਨ ਨਾ ਲਵੇ: ਆਦਰਸ਼ ਸਕੂਲ ਅਧਿਆਪਕ ਯੂਨੀਅਨ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ/ਭਵਾਨੀਗੜ੍ਹ, 16 ਸਤੰਬਰ, 2022: ਆਦਰਸ਼ ਸਕੂਲ ਅਧਿਆਪਕ ਯੂਨੀਅਨ ਪੰਜਾਬ (ਪੀਪੀਪੀ ਤਰਜ਼) ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ, ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਆਦਰਸ਼ ਸਕੂਲਾਂ ਵਿੱਚ 12-12 ਸਾਲਾਂ ਤੋਂ ਕੱਚੀਆਂ ਨੌਕਰੀਆਂ ਕਰ ਰਹੇ ਅਧਿਆਪਕਾਂ ਅਤੇ ਦਰਜ਼ਾ ਚਾਰ ਮੁਲਾਜਮਾਂ ਦੀਆਂ ਨੌਕਰੀਆਂ ਪੱਕੀਆਂ ਕਰਕੇ ਤਨਖਾਹਾਂ ਸਿੱਧੀਆਂ ਸਰਕਾਰੀ ਖਜ਼ਾਨੇ ਵਿੱਚੋਂ ਜਾਰੀ ਕਰਕੇ ਤੁਰੰਤ ਇਨਸਾਫ਼ ਦੇਵੇ। ਉਨ੍ਹਾਂ ਕਿਹਾ ਕਿ ਪਿਛਲੀਆਂ ਹਕੂਮਤਾਂ ਨੇ ਵੀ ਆਦਰਸ਼ ਸਕੂਲਾਂ ਨੂੰ ਅੱਖੋਂ ਓਹਲੇ ਕੀਤਾ ਹੋਇਆ ਸੀ ਤੇ ਨਵੀਂ ਹੋਂਦ 'ਚ ਆਈ ਆਪ ਸਰਕਾਰ ਵੀ ਹੋਰ ਦੇਰ ਨਾ ਕਰੇ।
ਪ੍ਰੈੱਸ ਸਕੱਤਰ ਸਲੀਮ ਮੁਹੰਮਦ, ਸੀਨੀਅਰ ਮੀਤ ਪ੍ਰਧਾਨ ਕੁਲਵੀਰ ਸਿੰਘ ਜਖੇਪਲ ਅਤੇ ਪ੍ਰਚਾਰਕ ਸਕੱਤਰ ਅਮਿੱਤ ਮਹਿਤਾ ਨੇ ਕਿਹਾ ਕਿ ਸੂਬਾ ਸਰਕਾਰ ਆਦਰਸ਼ ਸਕੂਲਾਂ ਵਿੱਚ ਪੜ੍ਹਾਉਣ ਦੇ ਤਜ਼ਰਬੇ ਨੂੰ ਮਾਨਤਾ ਦੇ ਕੇ 2019 ਵਿੱਚ ਹੋਈ ਸਿੱਧੀ ਭਰਤੀ ਹੈੱਡ ਟੀਚਰਾਂ ਤੇ ਸੈਂਟਰ ਹੈੱਡ ਟੀਚਰਾਂ ਵਿੱਚ ਕੌਸਲਿੰਗ ਕਰਵਾ ਚੁੱਕੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਇੱਕ ਸਾਜ਼ਿਸ਼ ਤਹਿਤ ਜਾਰੀ ਨਹੀਂ ਕੀਤੇ ਸਨ।
ਸੂਬਾ ਕਮੇਟੀ ਮੈਂਬਰ ਸੁਖਦੀਪ ਕੌਰ ਸਰਾਂ, ਸਰਬਜੀਤ ਕੌਰ ਗਰੇਵਾਲ, ਪਰਵਿੰਦਰ ਕੌਰ ਮਾਨਸਾ ਨੇ ਕਿਹਾ ਕਿ ਸਰਕਾਰ ਵੱਖੋਂ ਵੱਖ ਸਮਿਆਂ ਤੇ ਨੌਕਰੀਓਂ ਕੱਢੇ ਅਧਿਆਪਕਾਂ ਨੂੰ ਤੁਰੰਤ ਬਹਾਲ ਕਰੇ ਅਤੇ ਪਿਛਲੀ ਸਥਾਪਤੀ ਦੌਰਾਨ ਬੰਦ ਕੀਤੇ ਦੋ ਆਦਰਸ਼ ਸਕੂਲ ਮੁੜ ਚਾਲੂ ਕੀਤੇ ਜਾਣ।
ਆਗੂਆਂ ਨੇ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਯੂਨੀਅਨ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ 30 ਸਤੰਬਰ ਤੱਕ ਪੂਰੀਆਂ ਨਾ ਕੀਤੀਆਂ ਤਾਂ ਜਥੇਬੰਦੀ ਭਰਾਤਰੀ ਯੂਨੀਅਨਾਂ ਦੇ ਸਹਿਯੋਗ ਨਾਲ ਵਿੱਢੇ ਘੋਲ ਨੂੰ ਹੋਰ ਤਿੱਖਾ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਯੂਨੀਅਨ ਨਾਲ ਮੀਟਿੰਗਾਂ ਕਰਕੇ ਹੋਰ ਸਬਰ ਕਰਨ ਦਾ ਰਾਗ ਅਲਾਪ ਰਹੀ ਹੈ। ਜਦਕਿ ਉਹ ਪਹਿਲਾਂ ਹੀ ਬਹੁਤ ਸੰਤਾਪ ਭੋਗ ਰਹੇ ਹਨ। ਸਰਕਾਰ ਉਨ੍ਹਾਂ ਦਾ ਹੋਰ ਇਮਤਿਹਾਨ ਨਾ ਲਵੇ, ਬਲਕਿ 30 ਸਤੰਬਰ ਤੱਕ ਸਮੁੱਚੀਆਂ ਮੰਗਾਂ ਪੂਰੀਆਂ ਕਰਕੇ ਇਨਸਾਫ਼ ਦੇਵੇ।