ਦਲਜੀਤ ਕੌਰ ਭਵਾਨੀਗੜ੍ਹ
ਮਲੇਰਕੋਟਲਾ, 15 ਸਤੰਬਰ, 2022: ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਅੱਜ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਮਲੇਰਕੋਟਲਾ ਵਿਖੇ ਜਥੇਬੰਦੀ ਦੀ ਇਕਾਈ ਦਾ ਗਠਨ ਕੀਤਾ ਗਿਆ ਅਤੇ ਵਿਦਿਆਰਥੀ ਮੰਗਾਂ ਨੂੰ ਲੈ ਕੇ ਪ੍ਰਿੰਸੀਪਲ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਦੀਪ ਹਥਨ ਅਤੇ ਕਮਲਦੀਪ ਕੌਰ ਨੇ ਕਿਹਾ ਕਿ ਅੱਜ ਵਿਦਿਆਰਥੀ ਤਬਕੇ ਦੀ ਹੋ ਰਹੀ ਲੁੱਟ ਦੇ ਖ਼ਿਲਾਫ਼ ਸਾਨੂੰ ਵਿਦਿਆਰਥੀਆਂ ਨੂੰ ਇੱਕਮੁੱਠ ਹੋਣ ਦੀ ਲੋੜ ਹੈ। ਇਸ ਲਈ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਇਕਾਈ ਦਾ ਗਠਨ ਕੀਤਾ ਗਿਆ ਹੈ।
ਕਮੇਟੀ ਦੇ ਗਠਨ ਉਪਰੰਤ ਸਿੱਖਿਆਰਥੀਆਂ ਨੇ ਮਿਲ ਕੇ ਵਿਦਿਆਰਥੀ ਮੰਗਾਂ ਉਪਰ ਵਿਚਾਰ-ਚਰਚਾ ਕੀਤੀ। ਆਗੂਆਂ ਨੇ ਕਿਹਾ ਕਿ ਲਾਕਡਾਊਨ ਦੇ ਦੌਰਾਨ ਵਿੱਦਿਅਕ ਸੰਸਥਾਵਾਂ ਦੇ ਅੰਦਰ ਟੁੱਟੇ ਅਕਾਦਮਿਕ ਮਾਹੌਲ ਨੂੰ ਦੁਬਾਰਾ ਸਿਰਜਣ ਦੀ ਲੋੜ ਹੈ। ਸਿਖਿਆਰਥੀਆਂ ਨਾਲ ਚਰਚਾ ਦੇ ਦੌਰਾਨ ਜੋ ਮੰਗਾਂ ਸਾਹਮਣੇ ਆਈਆਂ ਉਨ੍ਹਾਂ ਦੇ ਵਿੱਚ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦੇ ਅੱਗੇ ਪੱਕੇ ਤੌਰ ਤੇ ਬੱਸ ਸਟਾਪ ਬਣਵਾਉਣ, ਸੰਸਥਾ ਦੇ ਅੰਦਰ ਸਫ਼ਾਈ ਕਰਵਾਉਣ, ਸੰਸਥਾ ਦੇ ਅੰਦਰ ਲਾਇਬਰੇਰੀ ਸਥਾਪਤ ਕਰਾਉਣ, ਜਿੱਥੇ ਉਨ੍ਹਾਂ ਦੇ ਸਿਲੇਬਸ ਦੀਆਂ ਕਿਤਾਬਾਂ ਮੁਹੱਈਆ ਹੋਣ, ਪ੍ਰਤੀ ਵਿਦਿਆਰਥੀ ਟੂਲ ਕਿੱਟ ਮੁਹੱਈਆ ਕਰਵਾਉਣ ਅਤੇ ਆਈਟੀਆਈ ਦੇ ਅੰਦਰ ਕੰਟੀਨ ਬਣਵਾਉਣ ਆਦਿ ਮੰਗਾਂ ਸਾਹਮਣੇ ਆਈਆਂ। ਇਨ੍ਹਾਂ ਮੰਗਾਂ ਨੂੰ ਲੈ ਕੇ ਲਿਖਤੀ ਰੂਪ ਵਿੱਚ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦੇ ਪ੍ਰਿੰਸੀਪਲ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਸਮੇਂ ਆਈ.ਟੀ.ਆਈ. ਦੇ ਨਵਜੋਤ ਸਿੰਘ ਕਨਵੀਨਰ, ਫ਼ਿਰੋਜ਼ ਕੋ ਕਨਵੀਨਰ, ਤੋਂ ਇਲਾਵਾ ਕਮੇਟੀ ਮੈਂਬਰ ਨਵਜੋਤ ਕੁਮਾਰ, ਰਮਨਪ੍ਰੀਤ, ਰਾਹੁਲਦੀਪ ਸਿੰਘ, ਸੁਖਜੀਵਨ, ਅਜੀਤ, ਪੁਸ਼ਪਿੰਦਰ ਚੁੱਪਕਾ, ਦਵਿੰਦਰ ਕਕਰਾਲਾ, ਜਸਕਰਨ ਲਸੋਈ, ਗੁਰਪ੍ਰੀਤ ਸਿੰਘ, ਚੇਤਨ ਕੁਮਾਰ ਧੂਰੀ, ਸਮਨਦੀਪ ਸਿੰਘ ਬਾਠਾਂ, ਮਨਦੀਪ ਸਿੰਘ ਗੋਰਾ, ਹਰਦੀਪ ਸਿੰਘ ਫਤਿਹਗਡ਼੍ਹ ਪੰਜਗਰਾਈਆਂ, ਹਰਸ਼ਦੀਪ ਸਿੰਘ ਅਤੇ ਹੋਰ ਸਿਖਿਆਰਥੀ ਹਾਜਰ ਸਨ।