ਖਜ਼ਾਨਾ ਮੰਤਰੀ ਨੇ ਕੀਰਤੀ ਕਿਰਪਾਲ ਅਤੇ ਨਾਟਿਅਮ ਦੀ ਟੀਮ ਵੱਲੋਂ ਕਲਾ ਅਤੇ ਰੰਗ-ਮੰਚ ਨੂੰ ਪ੍ਰਫੁਲਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਕੀਤੀ ਸ਼ਲ਼ਾਂਘਾ
ਚੌਥੇ ਦਿਨ ਹਰਿਆਣਵੀ ਕਾਮੇਡੀ ਨਾਟਕ ਸਈਆਂ ਬਹੇ ਕੋਤਵਾਲ ਨੇ ਭਰੱਸ਼ਟਾਚਾਰ ‘ਤੇ ਭਾਈ-ਭਤੀਜਾਵਾਦ ਨੂੰ ਲਾਇਆ ਰਗੜਾ
ਬਠਿੰਡਾ, 4 ਅਕਤੂਬਰ- ਬਠਿੰਡਾ ਦੇ ਰੋਜ਼ ਗਾਰਡਨ ਵਿਖੇ ਸਥਿਤ ਬਲਵੰਤ ਗਾਰਗੀ ਓਪਨ ਏਅਰ ਥੇਟਰ ਵਿੱਚ ਚੱਲ੍ਹ ਰਹੇ 10ਵੇਂ ਕੌਮੀ ਨਾਟਿਅਮ ਰੰਗ-ਮੰਚ ਮੇਲੇ ਦੇ ਚੌਥੇ ਦਿਨ ਮੁੱਖ ਮਹਿਮਾਨ ਵਜੋਂ ਪਹੁੰਚੇ ਸੂਬੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਰਤੀ ਕਿਰਪਾਲ ਅਤੇ ਨਾਟਿਅਮ ਦੀ ਪੂਰੀ ਟੀਮ ਵੱਲੋਂ ਕਲਾ ਅਤੇ ਰੰਗ-ਮੰਚ ਨੂੰ ਪ੍ਰਫੁਲਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲ਼ਾਂਘਾ ਕੀਤੀ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਲਾ ਨੂੰ ਜੀਵਨ ਦਾ ਅਟੁੱਟ ਅੰਗ ਦੱਸਦੇ ਹੋਏ ਪੰਜਾਬ ਵਿੱਚ ਅਜਿਹੇ ਆਯੋਜਨਾ ਨੂੰ ਹੋਰ ਵੀ ਹੁਲਾਰਾ ਦੇਣ ਦੀ ਗੱਲ੍ਹ ਕਹੀ ਗਈ। ਵਿਤ ਮੰਤਰੀ ਵੱਲੋਂ ਨਾਟਿਅਮ ਟੀਮ ਨੂੰ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਜਾਰੀ ਰੱਖਣ ਲਈ 10 ਲੱਖ ਰੁੱਪਏ ਦੀ ਗ੍ਰਾਂਟ ਦੇਣ ਦੀ ਘੋਸ਼ਣਾ ਵੀ ਕੀਤੀ ਗਈ ਅਤੇ ਨਾਲ ਹੀ ਉਨ੍ਹਾਂ ਦੱਸਿਆ ਕਿ ਬਠਿੰਡਾ ਵਿੱਚ ਆਧੁਨਿਕ ਸਹੂਲਤਾਂ ਅਤੇ 2000 ਸੀਟਾਂ ਵਾਲਾ ਆਲਾ ਦਰਜੇ ਦੇ ਆਡੀਟੋਰੀਅਮ ਦੇ ਨਿਰਮਾਣ ਦਾ ਕੰਮ ਵੀ ਛੇਤੀ ਸ਼ੁਰੂ ਹੋਣ ਜਾ ਰਿਹਾ ਹੈ।ਇਸ ਮੌਕੇ ਉਹਨਾਂ ਦੇ ਨਾਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇਕੇ ਅਗਰਵਾਲ, ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ, ਅਤੇ ਨਾਟਿਅਮ ਵੱਲੋਂ ਚੇਅਰਮੈਨ ਡਾ, ਕਸ਼ਿਸ਼ ਗੁਪਤਾ, ਪ੍ਰਧਾਨ ਸੁਦਰਸ਼ਨ ਗੁਪਤਾ, ਤੇ ਡਾਇਰੈਕਟਰ ਕੀਰਤੀ ਕਿਰਪਾਲ ਵੀ ਮੌਜੂਦ ਸਨ। ਨਾਟਕ ਦੌਰਾਨ ਵਿਸ਼ੇਸ਼ ਤੌਰ ‘ਤੇ ਮੌਜੂਦ ਬੀਸੀਐਲ ‘ਤੇ ਮਿੱਤਲ ਗਰੁੱਪ ਦੇ ਐਮਡੀ ਰਜਿੰਦਰ ਕੁਮਾਰ ਮਿੱਤਲ ਅਤੇ ਫਤਿਹ ਗਰੁੱਪ ਆਫ ਇੰਸਟੀਟਿਊਸ਼ਨਜ਼ ਤੋਂ ਸੁਖਮੰਦਰ ਸਿੰਘ ਚੱਠਾ ਵੱਲੋਂ ਵੀ ਨਾਟਿਅਮ ਟੀਮ ਨੂੰ 10ਵੇਂ ਨਾਟਕ ਮੇਲੇ ਦੀ ਵਧਾਈ ਦਿੱਤੀ ਗਈ ਅਤੇ ਆਰਥਿਕ ਸਹਿਯੋਗ ਦੇਣ ਦਾ ਵੀ ਐਲਾਨ ਕੀਤਾ ਗਿਆ।
10ਵੇਂ ਨਾਟਿਅਮ ਦੇ ਮੇਲੇ ਚੌਥੇ ਦਿਨ ਹਰਿਆਣਾ ਕਲਾ ਪ੍ਰੀਸ਼ਦ ਤੋਂ ਆਈ ਟੀਮ ਵੱਲੋਂ ਵਸੰਤ ਸਬਨੀਸ ਦਾ ਲਿਖਿਆ ਅਤੇ ਸੰਜੇ ਭਸੀਨ ਦਾ ਨਿਰਦੇਸ਼ਿਤ ਹਰਿਆਣਵੀ ਕਾਮੇਡੀ ਨਾਟਕ ਸਈਆਂ ਬਹੇ ਕੋਤਵਾਲ ਪੇਸ਼ ਕੀਤਾ ਗਿਆ, ਜਿਸਨੇ ਭਰੱਸ਼ਟਾਚਾਰ ‘ਤੇ ਭਾਈ-ਭਤੀਜਾਵਾਦ ਨੂੰ ਦੱਬ ਕੇ ਰਗੜਾ ਲਗਾਉਂਦੇ ਹੋਏ ਹਾਸਿਆਂ ਨਾਲ ਦਰਸ਼ਕਾਂ ਦੇ ਢਿੱਡੀ ਪੀੜਾਂ ਪਾ ਦਿੱਤੀਆਂ।