ਅੰਮ੍ਰਿਤਸਰ, 17 ਅਕਤੂਬਰ, ਦੇਸ਼ ਕਲਿਕ ਬਿਊਰੋ :
ਪੰਜਾਬੀ ਫਿਲਮ ਮੌਜਾਂ ਹੀ ਮੌਜਾਂ ਦੀ ਸਟਾਰਕਾਸਟ ਗੁਰੂ ਦਾ ਆਸ਼ੀਰਵਾਦ ਲੈਣ ਪਾਕਿਸਤਾਨ ਪਹੁੰਚੀ। ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ ਅਤੇ ਤਨੂ ਗਰੇਵਾਲ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕ ਫਿਲਮ ਦੀ ਸਫਲਤਾ ਲਈ ਅਰਦਾਸ ਕੀਤੀ।
ਇਸ ਦੌਰਾਨ ਪਾਕਿਸਤਾਨੀ ਫਿਲਮ ਇੰਡਸਟਰੀ ਦੇ ਨਿਰਦੇਸ਼ਕ ਸਈਦ ਨੂਰ ਤੋਂ ਇਲਾਵਾ ਫਿਲਮ 'ਚ ਕਿਰਦਾਰ ਨਿਭਾਅ ਰਹੇ ਪਾਕਿਸਤਾਨੀ ਐਕਟਰ ਇਫਤਿਖਾਰ ਠਾਕੁਰ ਅਤੇ ਨਾਸਿਰ ਚਿਨਯੋਤੀ ਵੀ ਪਹੁੰਚੇ।ਖਾਸ ਗੱਲ ਇਹ ਹੈ ਕਿ ਇਸ ਫਿਲਮ 'ਚ ਪੰਜਾਬੀ ਫਿਲਮ ਇੰਡਸਟਰੀ ਤੋਂ ਇਲਾਵਾ ਸਰਹੱਦ ਪਾਰ ਦੇ ਵੀ ਕਲਾਕਾਰ ਹਨ। ਇਹੀ ਕਾਰਨ ਹੈ ਕਿ ਦੋਵਾਂ ਦੇਸ਼ਾਂ ਦੇ ਕਲਾਕਾਰਾਂ ਨੇ ਇਸ ਫਿਲਮ ਲਈ ਸ੍ਰੀ ਕਰਤਾਰਪੁਰ ਸਾਹਿਬ ਦੀ ਚੋਣ ਕੀਤੀ ਅਤੇ ਇਕੱਠੇ ਹੋ ਕੇ ਫਿਲਮ ਲਈ ਅਰਦਾਸ ਕੀਤੀ।