‘ਸਾਡੇ ਲੇਖ’ ਪੰਜਾਬੀ ਫਿਲਮ ਲੈ ਕੇ ਜਲਦੀ ਹਾਜ਼ਰ ਹੋਵੇਗਾ ਗੋਲਡਨ ਸਟਾਰ ਮਲਕੀਤ ਸਿੰਘ
ਚੰਡੀਗੜ੍ਹ, 14 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਗੀਤ ‘ਤੂਤਕ ਤੂਤਕ ਤੂਤੀਆਂ’ ਅਤੇ ‘ਕਾਲੀ ਐਨਕ’ ਨਾਲ ਵਿਸ਼ਵ ਭਰ ਵਿੱਚ ਨਾਮਣਾ ਖੱਟਣ ਵਾਲਾ ਗੋਲਡਨ ਸਟਾਰ ਗਾਇਕ ਹੁਣ ਆਪਣੇ ਨਵੇਂ ਗੀਤ ‘ਮੋਬਾਇਲ’ ਨਾਲ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਹੋ ਰਿਹਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਲਕੀਤ ਸਿੰਘ ਨੇ ਕਿਹਾ ਕਿ ਕਾਲੀ ਐਨਕ ਤੋਂ ਮਿਲੀ ਪ੍ਰਸਿੱਧੀ ਤੋਂ ਬਾਅਦ ਹੁਣ ਉਸ ਨੇ ਮੁੜ ਆਪਣੇ ਹੀ ਲਿਖੇ ਗੀਤ ਮੋਬਾਇਲ ਨੂੰ ਪੇਸ਼ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਮਿਊਜ਼ਿਕ ਵੇਵਜ਼ ਵੱਲੋਂ ਪੇਸ਼ ਕੀਤੇ ਇਸ ਗੀਤ ਨੇ ਮੁਢਲੇ ਪੜਾਅ ਵਿੱਚ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਲੱਖਾਂ ਦੀ ਗਿਣਤੀ ਵਿੱਚ ਸਰੋਤਿਆਂ ਨੇ ਇਸ ਨੂੰ ਪਸੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਗੀਤ ਵਿੱਚ ਅਜੋਕੇ ਸਮੇਂ ਦੌਰਾਨ ਨੌਜਵਾਨਾਂ ਵਿੱਚ ਮੋਬਾਇਲ ਪ੍ਰਤੀ ਵਧੇ ਕਰੇਜ਼ ਦੀ ਗਾਥਾ ਹੀ ਲਿਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਗੀਤ ਦੀ ਵੀਡੀਓ ਸਟਾਲਨਵੀਰ ਨੇ ਬਣਾਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਅੰਤ ਤੱਕ ਉਹ ਪ੍ਰਦੇਸੀ ਜਿੰਦਗੀ ਤੇ ਅਧਾਰਿਤ ਪੰਜਾਬੀ ਫਿਲਮ ‘ਸਾਡੇ ਲੇਖ’ ਵੀ ਲੈ ਕੇ ਆ ਰਹੇ ਹਨ।
ਇਸ ਮੌਕੇ ਮਿਊਜ਼ਿਕ ਵੇਵਜ਼ ਦੇ ਮੈਨੇਜਰ ਰਾਜੇਸ਼ ਚਲੋਤਰਾ ਨੇ ਕਿਹਾ ਕਿ ਇਸ ਗੀਤ ਨੂੰ ਮਿਲੀ ਪ੍ਰਸਿੱਧੀ ਨੇ ਉਨ੍ਹਾਂ ਦੇ ਹੌਂਸਲੇ ਬੁਲੰਦ ਕੀਤੇ ਹਨ। ਉਨ੍ਹਾਂ ਕਿਹਾ ਕਿ ਮਲਕੀਤ ਸਿੰਘ ਦੀ ਕਲਮ ਅਤੇ ਅਵਾਜ਼ ਵਿੱਚ ਇੱਕ ਲਾਮਿਸਾਲ ਯੋਗਤਾ ਹੈ ਜਿਹੜੀ ਸਰੋਤਿਆਂ ਨੂੰ ਕੀਲ ਕੇ ਰੱਖਣ ਦੇ ਯੋਗ ਹੈ। ਉਨ੍ਹਾਂ ਮਲਕੀਤ ਸਿੰਘ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਵਧਾਈ ਵੀ ਦਿੱਤੀ।