ਮੁੰਬਈ: 'ਨਿਕਲੇ ਕਰੰਟ', 'ਅੱਤ ਕਰਤੀ', 'ਗੱਬਰੂ' ਵਰਗੇ ਗੀਤ ਗਾ ਚੁੱਕੇ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਿਊਜ਼ਿਕ ਕਰੀਅਰ ਨੇ ਹੀ ਉਸਦੀ ਬਾਲੀਵੁੱਡ 'ਚ ਨੀਂਹ ਰੱਖੀ ਹੈ। ਜੱਸੀ ਨੇ ਮੀਡੀਆ ਏਜੰਸੀ ਨੂੰ ਇੰਟਰਵਿਊ 'ਚ ਕਿਹਾ ਕਿ ਉਸ ਦੀ ਹਰ ਇੱਕ ਚੀਜ਼ ਦੀ ਸ਼ੁਰੂਆਤ ਮਿਊਜ਼ਿਕ ਕਰੀਅਰ ਨਾਲ ਹੋਈ ਹੈ। ਮਿਊਜ਼ਿਕ ਵੀਡੀਓਜ਼ ਦੇ ਮਾਧਿਅਮ ਰਾਹੀਂ ਹੀ ਉਸਨੂੰ ਪਹਿਲੀ ਫ਼ਿਲਮ ਮਿਸਟਰ ਐਂਡ ਮਿਸੀਜ਼ 420 ਮਿਲੀ। ਜੱਸੀ ਨੇ ਇਹ ਵੀ ਕਿਹਾ ਕਿ ਉਹ ਇਸ ਸਫ਼ਰ ਦਾ ਆਨੰਦ ਲੈ ਰਹੇ ਹਨ।
ਜੱਸੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2011 ਵਿੱਚ ਆਈ ਐਲਬਮ 'ਬੈਚਮੇਟ' ਨਾਲ ਕੀਤੀ ਸੀ। ਜੱਸੀ ਦੀ ਬਾਲੀਵੁੱਡ ਐਂਟਰੀ ਸਾਲ 2018 ਆਈ ਫ਼ਿਲਮ 'ਹੈਪੀ ਫ਼ਿਰ ਭਾਗ ਜਾਏਗੀ' ਤੋਂ ਹੋਈ ਸੀ। ਹਾਲ ਹੀ ਵਿੱਚ ਰਿਲੀਜ਼ ਹੋਈ ਉਨ੍ਹਾਂ ਦੀ ਫ਼ਿਲਮ ਪੰਗਾ ਵੀ ਚੰਗਾ ਨਾਂਅ ਕਮਾ ਰਹੀ ਹੈ।
ਜੱਸੀ ਨੂੰ ਇੰਟਰਵਿਊ 'ਚ ਸਵਾਲ ਕੀਤਾ ਗਿਆ ਕਿ, ਕੀ ਅਦਾਕਾਰੀ ਦਾ ਸਫ਼ਰ ਗਾਇਕੀ ਨੂੰ ਪ੍ਰਭਾਵਿਤ ਕਰੇਗਾ ? ਤਾਂ ਇਸ ਦਾ ਜਵਾਬ ਜੱਸੀ ਨੇ ਦਿੱਤਾ ਕਿ ਉਸ ਨੂੰ ਨਹੀਂ ਲਗਦਾ ਕਿ ਅਦਾਕਾਰੀ ਗਾਇਕੀ ਨੂੰ ਪ੍ਰਭਾਵਿਤ ਕਰੇਗੀ ਕਿਉਂਕਿ ਉਸ ਦੀ ਸ਼ੁਰੂਆਤ ਹੀ ਗਾਇਕੀ ਦੇ ਨਾਲ ਹੋਈ ਹੈ। ਜ਼ਿਕਰਯੋਗ ਹੈ ਕਿ ਫ਼ਿਲਮ 'ਪੰਗਾ' ਵਿੱਚ ਜੱਸੀ ਕੰਗਨਾ ਦੇ ਪਤੀ ਦੀ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਦਾ ਨਿਰਦੇਸ਼ਨ ਅਸ਼ਵਨੀ ਅਈਅਰ ਤਿਵਾਰੀ ਵੱਲੋਂ ਕੀਤਾ ਗਿਆ ਹੈ।