ਮੋਹਾਲੀ, 15 ਸਤੰਬਰ, ਦੇਸ਼ ਕਲਿੱਕ ਬਿਊਰੋ :
ਪੰਜਾਬੀ ਗਾਇਕ ਕਰਨ ਔਜਲਾ, ਹਰਜੀਤ ਹਰਮਨ ਦਾ ਆਇਆ ਗੀਤ ‘ਸ਼ਰਾਬ’ ਵਿਵਾਦਾਂ ਦੇ ਘੇਰੇ ਵਿੱਚ ਆ ਗਿਆ ਹੈ। ਸ਼ਰਾਬ ਗੀਤ ਨੂੰ ਲੈ ਕੇ ਚੰਡੀਗੜ੍ਹ ਦੇ ਰਹਿਣ ਵਾਲੇ ਪ੍ਰੋ. ਪੰਡਿਤਰਾਓ ਧਰੇਨਵਰ ਵੱਲੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਗਈ ਸੀ। ਸ਼ਿਕਾਇਤ ਵਿੱਚ ਉਨ੍ਹਾਂ ਕਿਹਾ ਸੀ ਕਿ ‘ਸ਼ਰਾਬ’ ਗਾਣੇ ਵਿੱਚ ਔਰਤਾਂ ਦੀ ਸ਼ਰਾਬ, ਨਸ਼ੇ ਅਤੇ ਬੰਦੂਕ ਨਾਲ ਤੁਲਨਾ ਕਰਕੇ ਔਰਤਾਂ ਦੀ ਬੇਇੱਜਤੀ ਕੀਤੀ ਗਈ ਹੈ। ਇਸ ਉਤੇ ਮਹਿਲਾ ਕਮਿਸ਼ਨ ਨੇ ਗਾਇਕ ਕਰਨ ਔਜਲਾ, ਹਰਜੀਤ ਹਰਮਨ ਅਤੇ ਸਪੀਡ ਰਿਕਾਰਡ ਕੰਪਨੀ ਨੂੰ 22 ਸਤੰਬਰ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ਹੈ।
ਮਹਿਲਾ ਕਮਿਸ਼ਨ ਦੀ ਚੇਅਰਪਰਸ਼ਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ‘ਬਹੁਤ ਦੁੱਖ ਹੁੰਦਾ ਹੈ ਜਦੋਂ ਸਾਡੇ ਸਮਾਜ ਦੇ ਜ਼ਿੰਮੇਵਾਰ ਲੋਕ ਮਹਿਲਾਵਾਂ ਦੀ ਤੁਲਨਾ ਸ਼ਰਾਬ, ਨਸ਼ੇ ਤੇ ਬੰਦੂਕ ਨਾਲ ਕਰਦੇ ਹਨ। ਹਾਲ ਹੀ ਵਿੱਚ ਪੰਜਾਬੀ ਗਾਇਕ ਕਰਨ ਔਜਲਾ, ਹਰਜੀਤ ਹਰਮਨ ਦੇ ਆਏ ਗਾਣੇ ‘ਸ਼ਰਾਬ’ ਵਿੱਚ ਮਹਿਲਾਵਾਂ ਬਾਰੇ ਗਲਤ ਟਿੱਪਣੀਆਂ ਕੀਤੀਆਂ ਗਈਆਂ ਹਨ। ਜਿਸ ‘ਤੇ ਸੋ ਮੋਟੋ ਲੈਂਦਿਆਂ ਅਸੀਂ ਦੋਵੇਂ ਗਾਇਕਾਂ ਕਰਨ ਔਜਲਾ, ਹਰਜੀਤ ਹਰਮਨ ਤੇ ਸਪੀਡ ਰਿਕਾਰਡ ਕੰਪਨੀ ਨੂੰ 22 ਸਤੰਬਰ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਹੈ। ਮਹਿਲਾਵਾਂ ਬਾਰੇ ਇਸ ਤਰ੍ਹਾਂ ਦੇ ਸ਼ਬਦ ਬੋਲਣਾ ਤੇ ਉਹਨਾਂ ਦੀ ਤੁਲਣਾ ਬੰਦੂਕਾਂ, ਨਸ਼ਿਆਂ ਨਾਲ ਕਰਨਾ ਬਹੁਤ ਮੰਦਭਾਗੀ ਗੱਲ ਹੈ।