ਚੰਡੀਗੜ੍ਹ, 12 ਫਰਵਰੀ :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਸੂਬਾ ਭਰ ਵਿੱਚ ਚੱਲ ਰਹੀਆਂ ਬੱਸਾਂ 'ਚ ਨਸ਼ਿਆਂ ਅਤੇ ਹਥਿਆਰਾਂ ਨੂੰ ਉਤਸ਼ਾਹਤ ਕਰਨ ਵਾਲੇ ਵੀਡੀਓ/ਆਡੀਓ ਕਲਿੱਪ ਚਲਾਉਣ 'ਤੇ ਰੋਕ ਲਾਉਣ ਲਈ ਪੰਜ ਦਿਨਾ ਵਿਸ਼ੇਸ਼ ਮੁਹਿੰਮ ਚਲਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ 7 ਤੋਂ 11 ਫਰਵਰੀ, 2020 ਤੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ ਜਿਸ ਦੌਰਾਨ ਸਾਰੀਆਂ ਖੇਤਰੀ ਟਰਾਂਸਪੋਰਟ ਅਥਾਰਟੀਆਂ (ਆਰ.ਟੀ.ਏਜ਼) ਵੱਲੋਂ ਟਰਾਂਸਪੋਟਰਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਬੱਸਾਂ ਵਿੱਚ ਲੱਚਰ/ਅਸ਼ਲੀਲ ਗਾਣੇ ਵਜਾਉਣ ਨਾਲ ਨੌਜਵਾਨਾਂ ਦੀ ਮਨਾਂ 'ਤੇ ਪੈਂਦੇ ਮਾੜੇ ਪ੍ਰਭਾਵਾਂ ਬਾਰੇ ਜਾਣੂੰ ਕਰਵਾਇਆ ਗਿਆ। ਇਹ ਚੀਜ਼ਾਂ ਨੌਜਵਾਨਾਂ ਨੂੰ ਭਟਕਾ ਕੇ ਅਜਿਹੇ ਅਸ਼ਲੀਲ/ਲੱਚਰ ਗਾਣਿਆਂ ਰਾਹੀਂ ਫੈਲਾਈ ਜਾ ਰਹੀ ਹਿੰਸਾ ਅਤੇ ਬੰਦੂਕ ਸੱਭਿਆਚਾਰ ਵੱਲ ਜਾਣ ਲਈ ਉਤਸ਼ਾਹਿਤ ਕਰਦੀਆਂ ਹਨ।
ਟੀਮਾਂ ਨੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਅਜਿਹੀਆਂ ਗੈਰ-ਸਿਹਤਮੰਦ ਕਾਰਵਾਈਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਜੋ ਸਾਡੇ ਅਮੀਰ ਸੱਭਿਆਚਾਰ 'ਤੇ ਕਲੰਕ ਲਾਉਂਦੀਆਂ ਹਨ।
ਮੁਹਿੰਮ ਦੌਰਾਨ 509 ਬੱਸਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 212 ਬੱਸਾਂ ਅਜਿਹੇ ਨਿਯਮਾਂ ਦੀ ਉਲੰਘਣਾ ਕਰਦੀਆਂ ਪਾਈਆਂ ਗਈਆਂ ਅਤੇ ਇਹਨਾਂ ਦੇ ਚਲਾਨ ਕੱਟੇ ਗਏ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਹਾਲ ਹੀ ਵਿੱਚ ਸ਼ੋਸਲ ਮੀਡੀਆ ਉੱਤੇ ਅਪਲੋਡ ਕੀਤੀ ਇੱਕ ਵੀਡੀਓ ਕਲਿੱਪ ਰਾਹੀਂ ਹਿੰਸਾ ਦੇ ਪ੍ਰਚਾਰ ਲਈ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ (ਸਿੱਧੂ ਮੂਸੇ ਵਾਲਾ) ਅਤੇ ਮਨਕੀਰਤ ਔਲਖ ਖਿਲਾਫ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਨੌਜਵਾਨਾਂ ਨੂੰ ਹਥਿਆਰ ਚੁੱਕਣ ਅਤੇ ਸ਼ਾਂਤੀ ਤੇ ਸਦਭਾਵਨਾ ਨੂੰ ਭੰਗ ਕਰਨ ਲਈ ਉਕਸਾਉਣ ਵਾਲੀਆਂ ਫਿਲਮਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਬਦਨਾਮ ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ 'ਤੇ ਅਧਾਰਤ ਫਿਲਮ 'ਸ਼ੂਟਰ' 'ਤੇ ਵੀ ਪਾਬੰਦੀ ਲਾਉਣ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ, ਪੰਜਾਬ ਪੁਲਿਸ ਨੇ ਨਿਰਮਾਤਾ/ਪ੍ਰਮੋਟਰ ਕੇ.ਵੀ. ਸਿੰਘ ਢਿੱਲੋਂ ਅਤੇ ਹੋਰਾਂ ਵਿਰੁੱਧ ਹਿੰਸਾ, ਘਿਨਾਉਣੇ ਜੁਰਮਾਂ, ਗੈਂਗਸਟਰਵਾਦ, ਨਸ਼ਾਖੋਰੀ, ਡਰਾਉਣਾ-ਧਮਕਾਉਣਾ ਅਤੇ ਅਪਰਾਧਿਕ ਧਮਕੀਆਂ ਨੂੰ ਉਤਸ਼ਾਹਿਤ ਕਰਨ ਲਈ ਕੇਸ ਵੀ ਦਰਜ ਕੀਤਾ ਸੀ।