ਮੁਹਾਲੀ:17 ਅਗਸਤ 2021, ਦੇਸ਼ ਕਲਿਕ ਬਿਊਰੋ:
ਮਸ਼ਹੂਰ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ ਸਿੰਘਾ ਅਤੇ ਉਸਦੇ ਇਕ ਸਾਥੀ ਜਗਪ੍ਰੀਤ ਸਿੰਘ ਜੱਗੀ ’ਤੇ ਮੁਹਾਲੀ ਪੁਲਿਸ ਨੇ ਐਫ.ਆਈ.ਆਰ.ਦਰਜ ਕੀਤੀ ਹੈ। ਐਸਐਸਪੀ ਸਤਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਮਾਮਲਾ ਮਾਰਚ 2020 ਦੀ ਇਕ ਪੁਰਾਣੀ ਵੀਡੀਓ ਦਾ ਹੈ ਜਿਹੜੀ ਹੁਣ ਸਨੈਪ ਚੈਟ ’ਤੇ ਪਾਈ ਗਈ ਤੇ ਕੁਝ ਸਮੇਂ ਬਾਅਦ ਹੀ ਹਟਾ ਲਈ ਗਈ। ਇਸੇ ਦੌਰਾਨ ਇਹ ਵੀਡੀਓ ਪੁਲਿਸ ਦੇ ਨਜ਼ਰੀਂ ਚੜ੍ਹ ਗਈ ਅਤੇ ਪੁਲਿਸ ਨੇ ਸਿੰਘਾ ਅਤੇ ਉਸਦੇ ਸਾਥੀ ਸੱਗੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਆਰਮਜ਼ ਐਕਟ ਅਤੇ ਹੋਰ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ।
10 ਮਾਰਚ 2020 ਦੀ ਦੱਸੀ ਜਾ ਰਹੀ ਇਸ ਵੀਡੀਓ ਵਿੱਚ ਸਿੰਘਾ ਅਤੇ ਉਸਦਾ ਸਾਥੀ ਜੱਗੀ ਸੋਹਾਣਾ ਸਾਹਿਬ ਗੁਰਦੁਆਰੇ ਕੋਲੋਂ ਆਪਣੀ ਗੱਡੀ ਵਿੱਚ ਜਾਂਦੇ ਹੋਏ ਨਜ਼ਰ ਆਉਂਦੇ ਹਨ ਜਿਸ ਦੌਰਾਨ ਉਹ ਆਪਣੇ ਹਥਿਆਰ ਤੋਂ ਹਵਾ ਵਿੱਚ ਫ਼ਾਇਰ ਕਰਦੇ ਨਜ਼ਰ ਆਉਂਦੇ ਹਨ।
ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਮਨਪ੍ਰੀਤ ਸਿੰਘ ਉਰਫ਼ ਸਿੰਘਾ ਵਾਸੀ ਮਾਹਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਅਤੇ ਉਸਦੇ ਸਾਥੀ ਜਗਪ੍ਰੀਤ ਸਿੰਘ ਉਰਫ਼ ਜੱਗੀ ਵਾਸੀ ਅਮਰਗੜ੍ਹ, ਜ਼ਿਲ੍ਹਾ ਸੰਗਰੂਰ ਦੇ ਖਿਲਾਫ਼ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਮਾਮਲਾ ਇਕ ਵੀਡੀਓ ਵਿੱਚ ਉਨ੍ਹਾਂ ਦੇ ਜਨਤਕ ਥਾਂ ’ਤੇ ਹਥਿਆਰ ਲਹਿਰਾਉਂਦੇ ਹੋਏ, ਫ਼ਾਇਰਿੰਗ ਕਰਦੇ ਹੋਏ ਪਾਏ ਜਾਣ ਅਤੇ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਦੇ ਦੋਸ਼ਾਂ ਹੇਠ ਦਰਜ ਕੀਤਾ ਗਿਆ ਹੈ।
ਇਸ ਸੰਬੰਧ ਵਿੱਚ ਐਫਆਈਆਰ ਨੰਬਰ 294, 16 ਅਗਸਤ ਨੂੰ ਧਾਰਾ 336, 34 ਆਈਪੀਸੀ ਅਤੇ 25/54/59, ਆਰਮਜ਼ ਐਕਟ ਤਹਿਤ ਥਾਣਾ ਸੋਹਾਣਾ ਜ਼ਿਲ੍ਹਾ ਮੁਹਾਲੀ ਵਿਖ਼ੇ ਦਰਜ ਕੀਤੀ ਗਈ ਹੈ।