ਨਵੀਂ ਦਿੱਲੀ :3 ਅਗਸਤ, ਦੇਸ਼ ਕਲਿੱਕ ਬਿਊਰੋ
ਕੇਂਦਰ ਸਰਕਾਰ ਨੇ ਅੱਜ ਸਪੱਸਟ ਕੀਤਾ ਹੈ ਕਿ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਯਾਤਰਾ ਉਤੇ ਪਾਕਿਸਤਾਨ ਨੇ ਹੀ ਪਾਬੰਦੀ ਲਾਈ ਹੋਈ ਹੈ।
ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਅੱਜ ਕਿਹਾ ਕਿ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਯਾਤਰਾ ਪਿਛਲੇ ਸਾਲ ਮਾਰਚ ਤੋਂ ਕਰੋਨਾ ਵਾਇਰਸ ਮਹਾਮਾਰੀ ਕਾਰਨ ਬੰਦ ਹੈ ।
ਭਾਰਤ ਵਿੱਚ ਕਰੋਨਾ ਵਾਧੇ ਕਾਰਨ ਪਾਕਿਸਤਾਨ ਸਰਕਾਰ ਨੇ ਇਸ ਸਾਲ ਅਪਰੈਲ ਵਿੱਚ ਭਾਰਤ ਤੋਂ ਸਾਰੀਆਂ ਯਾਤਰਾਵਾਂ ’ਤੇ ਪਾਬੰਦੀ ਲਗਾ ਦਿੱਤੀ ਸੀ।ਕਰਤਾਰਪੁਰ ਕੋਰੀਡੋਰ ਸਮਝੌਤੇ 'ਤੇ ਪਾਕਿਸਤਾਨ ਨਾਲ 24 ਅਕਤੂਬਰ 2019 ਨੂੰ ਦਸਤਖਤ ਹੋਏ ਸਨ। ਇਕ ਸਵਾਲ ਦੇ ਜਵਾਬ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਪਾਕਿਸਤਾਨ, ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਦੀ ਇਜਾਜ਼ਤ ਨਹੀਂ ਦੇ ਰਿਹਾ। ਭਾਰਤ ਵਿੱਚ ਕਰੋਨਾ ਵਾਧੇ ਕਾਰਨ ਪਾਕਿਸਤਾਨ ਸਰਕਾਰ ਨੇ ਇਸ ਸਾਲ ਅਪਰੈਲ ਵਿੱਚ ਭਾਰਤ ਤੋਂ ਸਾਰੀਆਂ ਯਾਤਰਾਵਾਂ ’ਤੇ ਪਾਬੰਦੀ ਲਗਾ ਦਿੱਤੀ ਸੀ।
ਦੱਸ ਦਈਏ ਕਿ ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਕੋਰੋਨਾ ਦੇ ਕੇਸ ਘਟਣ ਤੋਂ ਬਾਅਦ ਜਦੋਂ ਦੇਸ਼ ਵਿਚ ਸਾਰੇ ਧਾਰਮਿਕ ਸਥਾਨ ਖੋਲ੍ਹ ਦਿੱਤੇ ਗਏ ਹਨ ਤਾਂ ਫਿਰ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਵੀ ਖੋਲ੍ਹ ਦੇਣਾ ਚਾਹੀਦਾ ਹੈ।
ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕਿ ਬੇਨਤੀ ਕੀਤੀ ਸੀ ਕਿ ਜਦੋਂ ਕੋਰੋਨਾ ਦੇ ਮਾਮਲੇ ਘਟ ਰਹੇ ਹਨ ਤਾਂ ਸੰਗਤ ਲਈ ਲਾਂਘਾ ਖੋਲ ਦੇਣਾ ਚਾਹੀਦਾ ਹੈ। ਹੁਣ ਕੇਂਦਰ ਨੇ ਇਹ ਆਖ ਕੇ ਗੱਲ਼ ਨਿਬੇੜ ਦਿੱਤੀ ਹੈ ਕਿ ਪਾਕਿਸਤਾਨ ਇਸ ਦੀ ਇਜਾਜ਼ਤ ਨਹੀਂ ਦੇ ਰਿਹਾ ਹੈ।