ਹਿਸਾਰ /2ਅਗਸਤ/ਦੇਸ਼ ਕਲਿਕ ਬਿਊਰੋ:
ਕਿਸਾਨਾਂ ਅਤੇ ਹਰਿਆਣਾ ਦੇ ਹਿਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ 15 ਅਗਸਤ ਆਜ਼ਾਦੀ ਦਿਵਸ ਤੋਂ ਪਹਿਲਾਂ ਆਪੋ -ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪ੍ਰਸ਼ਾਸਨ ਵੱਲੋਂ ਹਰ ਸਾਲ ਦੀ ਤਰ੍ਹਾਂ ਮਹਾਬੀਰ ਸਟੇਡੀਅਮ ਵਿੱਚ ਹੋਣ ਵਾਲੇ ਪ੍ਰੋਗਰਾਮ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਕਿਸਾਨਾਂ ਨੇ ਵੀ ਪ੍ਰੋਗਰਾਮ ਦਾ ਵਿਰੋਧ ਕਰਨ ਦੀ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਸ ਦੀਆਂ ਤਿਆਰੀਆਂ ਲਈ ਕਿਸਾਨਾਂ ਨੇ ਹਿਸਾਰ ਦੀ ਅਨਾਜ ਮੰਡੀ ਵਿੱਚ ਕਿਸਾਨ ਰੈਸਟ ਹਾਊਸ ਵਿੱਚ ਇੱਕ ਮੀਟਿੰਗ ਕੀਤੀ। ਕਿਸਾਨਾਂ ਦਾ ਕਹਿਣਾ ਹੈ ਕਿ ਅਜ਼ਾਦੀ ਦਿਵਸ ਦੇ ਪ੍ਰੋਗਰਾਮ ਵਿੱਚ ਜੇਕਰ ਕਿਸੇ ਸਿਆਸੀ ਆਗੂ ਨੂੰ ਝੰਡਾ ਲਹਿਰਾਉਣ ਲਈ ਬੁਲਾਇਆ ਗਿਆ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ। ਕਿਸਾਨਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਪ੍ਰੋਗਰਾਮ ਵਿੱਚ ਕਿਸੇ ਵੀ ਅਧਿਕਾਰੀ ਦੁਆਰਾ ਝੰਡਾ ਲਹਿਰਾਇਆ ਜਾਂਦਾ ਹੈ ਤਾਂ ਉਹ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਅਤੇ ਅਧਿਕਾਰੀ ਦਾ ਸਵਾਗਤ ਵੀ ਕਰਨਗੇ।
ਇਸ ਤੋਂ ਇਲਾਵਾ ਆਜ਼ਾਦੀ ਦਿਵਸ ਮੌਕੇ ਤਿਰੰਗੇ ਨਾਲ ਟਰੈਕਟਰ ਯਾਤਰਾ ਕੱਢੀ ਜਾਵੇਗੀ। ਕਿਸਾਨ ਆਗੂਆਂ ਨੇ ਦੱਸਿਆ ਕਿ ਟਰੈਕਟਰ ਯਾਤਰਾ ਜ਼ਿਲ੍ਹੇ ਦੇ ਚਾਰੋਂ ਟੋਲ ਤੋਂ ਸ਼ੁਰੂ ਹੋ ਕੇ ਹਿਸਾਰ ਮਿੰਨੀ ਸਕੱਤਰੇਤ ਵਿਖੇ ਸਮਾਪਤ ਹੋਵੇਗੀ।