ਚੰਡੀਗੜ੍ਹ, 13 ਮਈ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਅੰਬਾਲਾ 'ਚ ਅੱਜ ਸੋਮਵਾਰ ਨੂੰ ਅਚਾਨਕ ਲੈਂਟਰ ਦਾ ਛੱਜਾ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਰਿਆਣਾ ਦੇ ਟਰਾਂਸਪੋਰਟ ਰਾਜ ਮੰਤਰੀ ਅਸੀਮ ਗੋਇਲ ਦੇ ਜੱਦੀ ਪਿੰਡ ਨਨਿਓਲ਼ਾ ਦੇ ਦੇਵੀ ਮੰਦਿਰ ਕੰਪਲੈਕਸ ਵਿੱਚ ਛੱਜੇ ਹੇਠਾਂ ਦੱਬਣ ਨਾਲ ਦੋ ਵਿਦਿਆਰਥਣਾਂ ਦੀ ਮੌਤ ਹੋ ਗਈ। ਜਦਕਿ ਇਕ ਲੜਕੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਸੂਚਨਾ ਮਿਲਣ ਤੋਂ ਬਾਅਦ ਨਨਿਓਲਾ ਚੌਕੀ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਜ਼ਖਮੀ ਲੜਕੀ ਨੂੰ ਅੰਬਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਉਸ ਦਾ ਨਾਂ ਸਿਮਰਨ ਦੱਸਿਆ ਜਾ ਰਿਹਾ ਹੈ। ਹਾਦਸੇ ਵਿੱਚ ਜਾਨ ਗਵਾਉਣ ਵਾਲੀਆਂ ਦੋਵੇਂ ਲੜਕੀਆਂ ਪੰਜਾਬ ਦੇ ਪਿੰਡ ਤਸਲਪੁਰ ਦੀਆਂ ਦੱਸੀਆਂ ਜਾ ਰਹੀਆਂ ਹਨ।
ਜਾਣਕਾਰੀ ਅਨੁਸਾਰ ਕਰੀਬ 2 ਮਹੀਨੇ ਪਹਿਲਾਂ ਦੇਵੀ ਮੰਦਿਰ ਦੇ ਚੌਗਿਰਦੇ ਵਿੱਚ ਲੈਂਟਰ ਪਾਇਆ ਗਿਆ ਸੀ। ਪੰਜਾਬ ਦੀਆਂ ਤਿੰਨੋਂ ਵਿਦਿਆਰਥਣਾਂ ਨਨਿਓਲਾ ਪਿੰਡ ਵਿੱਚ ਸਕੂਲ ਪੜ੍ਹਨ ਆਉਂਦੀਆਂ ਸਨ। ਅੱਜ ਤਿੰਨੋਂ ਵਿਦਿਆਰਥਣਾਂ ਆਪਣੇ ਆਪ ਨੂੰ ਧੁੱਪ ਤੋਂ ਬਚਾਉਣ ਲਈ ਛੱਜੇ ਹੇਠਾਂ ਛਾਂ ਵਿੱਚ ਖੜ੍ਹੀਆਂ ਸਨ। ਇਸ ਦੌਰਾਨ ਅਚਾਨਕ ਲੈਂਟਰ ਡਿੱਗ ਗਿਆ ਅਤੇ ਇਹ ਹਾਦਸਾ ਵਾਪਰ ਗਿਆ।