ਕਿਸਾਨ ਮਸਲਿਆਂ ਦੇ ਹੱਲ ਲਈ ਸੱਤਾ ਪ੍ਰਾਪਤੀ ‘ਤੇ ਜ਼ੋਰ
ਰੋਹਦ (ਹਰਿਆਣਾ):1ਅਗਸਤ,ਦੇਸ਼ ਕਲਿਕ ਬਿਊਰੋ:
ਗੁਰਨਾਮ ਸਿੰਘ ਚੜੂਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ ਕਿਹਾ ਕਿ ਭਾਜਪਾ ਨੂੰ ਹਰਾਉਣ ਨਾਲ ਕਿਸਾਨ ਬਿੱਲ ਵਾਪਸ ਨਹੀਂ ਹੋਣਗੇ ਤੇ ਪੰਜਾਬ ਮਿਸ਼ਨ ‘ਤੇ ਕੰਮ ਕਰਨਾ ਹੋਵੇਗਾ।ਉਨ੍ਹਾਂ ਕਿਹਾ ਕਿ ਕਿਸਾਨੀ ਮਸਲੇ ਹੱਲ ਕਰਨ ਲਈ ਸੱਤਾ ਕਿਸਾਨਾਂ ਦੇ ਹੱਥ ਵਿੱਚ ਹੋਣੀ ਬਹੁਤ ਜ਼ਰੂਰੀ ਹੈ।
ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਮਿਸ਼ਨ ਪੰਜਾਬ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮੈਂ ਕਿਸਾਨ ਅੰਦੋਲਨ ਨੂੰ ਦੋ ਹਿੱਸਿਆਂ ਵਿੱਚ ਵੰਡੇ ਜਾਣ ਤੋਂ ਰੋਕਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਸਜ਼ਾ ਭੁਗਤੀ ਹੈ। ਚੜੂਨੀ ਨੇ ਕਿਹਾ ਕਿ ਭਾਜਪਾ ਨੂੰ ਹਰਾਉਣ ਨਾਲ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ। ਜੇ ਵਾਪਸ ਵੀ ਹੋਏ ਤਾਂ ਡੈੱਥ ਵਰੰਟ ਕੈਂਸਲ ਨਹੀਂ ਹੋਏਗਾ, ਵੈਂਟੀਲੇਟਰ ਤੋਂ ਨਹੀਂ ਹਟਾਂਗੇ। ਉਨ੍ਹਾਂ ਕਿਹਾ ਕਿ ਕਿਸਾਨੀ ਮਸਲਿਆਂ ਦੇ ਸੰਪੂਰਨ ਹੱਲ ਲਈ 'ਲੁਟੇਰੇ ਗਰੋਹ' ਨੂੰ ਵੋਟ ਨਾ ਦੇ ਕੇ ਸੱਤਾ ਖੋਹਣੀ ਪਵੇਗੀ।
ਚੜੂਨੀ ਨੇ ਅੱਗੇ ਕਿਹਾ ਕਿ ਸੱਤਾ ਵਿੱਚ ਆਉਣ ਮਗਰੋਂ ਹੀ ਕਿਸਾਨਾਂ ਦਾ ਭਲਾ ਹੋ ਸਕਦਾ ਹੈ।
ਅੱਜ ਗੁਰਨਾਮ ਚੜੂਨੀ ਦੀ ਅਗਵਾਈ ਹੇਠ ਦਿੱਲੀ ਮੋਰਚੇ ਲਈ ਇਕ ਹੋਰ ਜੱਥਾ ਰੋਹਦ ਟੋਲ ਪਲਾਜੇ ਤੋਂ ਰਵਾਨਾ ਹੋਇਆ ਹੈ। ਚੜੂਨੀ ਨੇ ਇਸ ਦੌਰਾਨ ਕਿਹਾ ਕਿ ਇਸ ਕਾਫਲੇ ਦੇ ਦੋ ਸੰਦੇਸ਼ ਹਨ। ਪਹਿਲਾ ਸਰਕਾਰ ਲਈ ਕਿ ਅੰਦੋਲਨ ਅਜੇ ਮੁੱਕਾ ਨਹੀਂ ਹੈ ਤੇ ਦੂਜਾ ਸੰਦੇਸ਼ ਕਿਸਾਨਾਂ ਲਈ ਹੈ ਕਿ ਅੰਦੋਲਨ ਨਾਲ ਜੁੜੇ ਰਹਿਣਾ ਹੈ।
ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਰਨ ਦਾ ਸੱਦਾ ਦੇਣ ਕਾਰਨ ਗੁਰਨਾਮ ਚੜੂਨੀ ਨੂੰ 15 ਦਿਨਾਂ ਲਈ ਸਸਪੈਂਡ ਕਰ ਦਿੱਤਾ ਸੀ। ਇਸ ਦੇ ਦੋ ਹਫ਼ਤੇ ਮਗਰੋਂ ਅੱਜ ਚੜੂਨੀ ਨੇ ਮੁੜ ਮਿਸ਼ਨ ਪੰਜਾਬ ਦੀ ਗੱਲ ਕੀਤੀ।