ਕੁਰੂਕਸ਼ੇਤਰ:23 ਜੁਲਾਈ, ਦੇਸ਼ ਕਲਿੱਕ ਬਿਊਰੋ
ਹਰਿਆਣਾ ਬੀਕੇਯੂ (ਮਾਨ) ਦੇ ਪ੍ਰਧਾਨ ਗੁਨੀ ਪ੍ਰਕਾਸ਼ ਵਲੋਂ ਹਰਿਆਣਾ ਬੀਕੇਯੂ (ਚੜੂਨੀ) ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਵਿਰੁੱਧ ਅਪਮਾਨਜਨਕ ਟਿੱਪਣੀਆਂ ਅਤੇ ਉਸਦੇ ਧਾਰਮਿਕ ਚਿੰਨ੍ਹਾਂ ਉੱਤੇ ਹਮਲਾ ਕਰਨ ਦੀ ਧਮਕੀ ਦੇਣ ਕਾਰਨ ਇੱਕ ਵੱਡਾ ਵਿਵਾਦ ਖੜਾ ਹੋ ਗਿਆ ਹੈ ।ਚੜੂਨੀ ਨੇ ਗੁਨੀ ਤੋਂ ਇਸ ਸੰਬੰਧੀ ਮੁਆਫੀ ਮੰਗਣ ਦੀ ਮੰਗ ਕੀਤੀ ਹੈ।
ਇੱਥੇ ਮਿੰਨੀ ਸਕੱਤਰੇਤ ਵਿਖੇ ਜ਼ਿਲ੍ਹਾ ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾ ਦੇ ਸਾਹਮਣੇ ਗੁਨੀ ਨੇ ਧਮਕੀ ਦਿੱਤੀ ਕਿ ਜੇ ਚੜੂਨੀ ਨੂੰ ਪਾਰਟੀ ਦੇ ਮੁਖੀ ਭੁਪਿੰਦਰ ਸਿੰਘ ਮਾਨ ਅਤੇ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸਬੰਧੀ ਵਿਵਾਦਤ ਬਿਆਨ ਦੇਣ ਦੇ ਦੋਸ਼ ਵਿਚ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਚੜੂਨੀ ਦੀ ਦਾੜ੍ਹੀ ਕੱਟ ਕੇ ਉਸ ਦੀ ਪੱਗ ਉਤਾਰ ਦੇਣਗੇ।
ਉਹ ਸਾਥੀਆਂ ਸਮੇਤ ਮਿਨੀ ਸਕੱਤਰੇਤ ਵਿਖੇ ਚੜੂਨੀ ਦੀ ਗ੍ਰਿਫਤਾਰੀ ਲਈ ਇੱਕ ਮੰਗ ਪੱਤਰ ਸੌਪਣ ਲਈ ਗਿਆ ਸੀ। ਉਸ ਨੇ ਦੋਸ਼ ਲਾਇਆ ਕਿ ਕੁਰੂਕਸ਼ੇਤਰ ਦੇ ਐਸ ਪੀ ਪੁਲਿਸ ਨੇ ਵੀ ਚੜੂਨੀ ਖ਼ਿਲਾਫ਼ ਰਪਟ ਦਰਜ ਨਹੀਂ ਕੀਤੀ ਸੀ ।ਉਹ ਆਪਣੇ ਹਮਾਇਤੀਆਂ ਨਾਲ ਕੁਰੂਕਸ਼ੇਤਰ ਡੀਸੀ ਦਫਤਰ ਪਹੁੰਚਿਆ ਸੀ ਅਤੇ ਥਾਣੇਸਰ ਦੀ ਸਿਟੀ ਮੈਜਿਸਟ੍ਰੇਟ ਹਰਪ੍ਰੀਤ ਕੌਰ ਨੂੰ ਯਾਦ ਪੱਤਰ ਦੇ ਕੇ ਐਸਪੀ ਤੋਂ ਚੜੂਨੀ ਖ਼ਿਲਾਫ਼ ਕਾਰਵਾਈ ਕਰਵਾਉਣੀ ਚਾਹੁੰਦਾ ਸੀ। ਉਸ ਨੇ ਇਸ ਮੌਕੇ ਦੱਸਿਆ ਕਿ ਚੜੂਨੀ ਨੇ ਬੀਤੇ ਦਿਨੀਂ ਆਪਣੇ ਬਿਆਨਾਂ ‘ਚ ਮਰਹੂਮ ਪ੍ਰਧਾਨ ਮੰਤਰੀ ਵਾਜਪਾਈ ਅਤੇ ਭੁਪਿੰਦਰ ਮਾਨ ਨੂੰ ਗੱਦਾਰ ਕਿਹਾ ਸੀ ਅਤੇ ਦੱਸਿਆ ਕਿ ਚੜੂਨੀ ਨੇ ਸਾਨੂੰ ਬੀਜੇਪੀ ਦੇ ਏਜੰਟ ਕਿਹਾ।
ਉਸ ਨੇ ਅੱਗੇ ਕਿਹਾ ਕਿ ਬੀਤੇ ਦਿਨੀਂ ਚੜੂਨੀ ਦੇ ਬੰਦਿਆਂ ਨੇ ਮੁੱਖ ਮੰਤਰੀ ਦੇ ਹੈਲੀਕਾਪਟਰ ਨੂੰ ਉਤਰਨ ਨਹੀਂ ਦਿੱਤਾ ਅਤੇ ਹਿਸਾਰ ਵਿੱਚ ਦੰਗੇ ਕੀਤੇ। ਉਨ੍ਹਾਂ ਪ੍ਰਸ਼ਾਸਨ ਨੂੰ ਪੁਛਿਆ ਕਿ ਚੜੂਨੀ ਨੂੰ ਇੰਨੀ ਖੁੱਲ੍ਹ ਕਿਉਂ ਦਿੱਤੀ ਗਈ ਹੈ। ਉਸ ਨੇ ਧਮਕੀ ਭਰੇ ਲਹਿਜੇ ‘ਚ ਕਿਹਾ ਕਿ ਚੜੂਨੀ ਨੇ ਦਾੜ੍ਹੀ ਰੱਖੀ ਹੋਈ ਹੈ ਅਤੇ ਦਸਤਾਰ ਬੰਨ੍ਹਦਾ ਹੈ ਅਤੇ ਫਿਰ ਵੀ ਵਾਜਪਾਈ ਅਤੇ ਭੁਪਿੰਦਰ ਮਾਨ ਵਰਗੇ ਲੋਕਾਂ ਵਿਰੁੱਧ ਬੋਲ ਕੇ ਸਿੱਖ ਮਰਯਾਦਾ ਦੀ ਉਲੰਘਣਾ ਕਰਦਾ ਹੈ।ਇਸ ਲਈ ਅਸੀਂ ਉਸਦੀ ਪੱਗ ਉਤਾਰਾਂਗੇ ਅਤੇ ਦਾੜ੍ਹੀ ਕੱਟ ਦੇਵਾਂਗੇ । ਉਸ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਬੀਕੇਯੂ (ਮਾਨ) ਦੇ ਉਪ-ਪ੍ਰਧਾਨ ਨਰਪਤ ਸਿੰਘ ਰਾਣਾ, ਕੁਰੂਕਸ਼ੇਤਰ ਜ਼ਿਲੇ ਦੇ ਮਥਾਨਾ ਪਿੰਡ ਵਿਖੇ, ਚੜੂਨੀ ਖਿਲਾਫ ਕਾਰਵਾਈ ਲਈ ਮਰਨ ਵਰਤ ਰੱਖਣਗੇ ਅਤੇ ਜੇ ਚੜੂਨੀ ਖ਼ਿਲਾਫ਼ ਕਾਰਵਾਈ ਕਰਕੇ ਸਾਨੂੰ ਐਫਆਈਆਰ ਦੀ ਕਾਪੀ ਨਹੀਂ ਮਿਲੀ, ਤਾਂ ਅਸੀਂ ਮਥਾਨਾ ਪਿੰਡ ਨੂੰ ਘੇਰ ਲਵਾਂਗੇ । ਉਸ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਜਾਂ ਤਾਂ ਸਾਨੂੰ ਗ੍ਰਿਫਤਾਰ ਕਰੋ ਜਾਂ ਚੜੂਨੀ ਨੂੰ ਗ੍ਰਿਫਤਾਰ ਕਰੋ।
ਇਸ ਸਾਰੇ ਘਟਨਾਕ੍ਰਮ ਬਾਰੇ ਕੁਰੂਕਸ਼ੇਤਰ ਦੇ ਐਸਪੀ ਹਿਮਾਂਸ਼ੂ ਗਰਗ ਨੇ ਕਿਹਾ ਕਿ ਅਸੀਂ ਗੁਨੀ ਪ੍ਰਕਾਸ਼ ਦੁਆਰਾ ਦਰਜ ਕਰਵਾਈ ਸ਼ਿਕਾਇਤ ਦੀ ਪੜਤਾਲ ਕਰ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਗੁਨੀ ਖਿਲਾਫ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈ।
ਹਰਿਆਣੇ ਦੇ ਸਿੱਖਾਂ ਨੇ ਗੁਨੀ ਵੱਲੋਂ ਚੜੂਨੀ ਖਿਲਾਫ ਅਪਸ਼ਬਦ ਬੋਲਣ ਦਾ ਸਖਤ ਨੋਟਿਸ ਲਿਆ ਹੈ ।ਸ਼ੋ੍ਰਮਣੀ ਅਕਾਲੀ ਦਲ ਦੇ ਬੁਲਾਰੇ ਕੰਵਲਜੀਤ ਸਿੰਘ ਅਜਰਾਣਾ ਅਤੇ ਬੀਕੇਯੂ ਹਰਿਆਣਾ (ਚਾੜੂਨੀ) ਸ਼ਾਹਬਾਦ ਬਲਾਕ ਦੇ ਆਗੂ ਜਸਬੀਰ ਸਿੰਘ ਮਾਮੂਮਾਜਰਾ ਨੇ ਗੁਨੀ ਖ਼ਿਲਾਫ਼ ਪ੍ਰੈਸ ਕਾਨਫਰੰਸ ਕੀਤੀ ਅਤੇ ਉਨ੍ਹਾਂ ਨੂੰ ਚੜੂਨੀ ਤੋਂ ਮੁਆਫੀ ਮੰਗਣ ਲਈ ਕਿਹਾ। ਉਨ੍ਹਾਂ ਕਿਹਾ, “ਜੇ ਉਹ 24 ਘੰਟਿਆਂ ਵਿੱਚ ਮੁਆਫੀ ਨਹੀਂ ਮੰਗਦਾ ਤਾਂ ਸਿੱਖ 24 ਜੁਲਾਈ ਨੂੰ ਕੁਰੂਕਸ਼ੇਤਰ ਦੇ ਗੁਰੂਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਇਕੱਠੇ ਹੋਣਗੇ ਅਤੇ ਗੁਨੀ ਖ਼ਿਲਾਫ਼ ਅਗਲਾ ਸੰਘਰਸ਼ ਉਲੀਕਣਗੇ।