· SIT ਵੱਲੋਂ ਕੀਤੀ ਜਾ ਰਹੀ ਜਾਂਚ ਉਤੇ ਵੀ ਸ਼ੱਕ
· ਜ਼ਮੀਨ ਹੜੱਪਣ ਵਾਸਤੇ ਮ੍ਰਿਤਕ ਮਾਲਕ ਵੀ ਕੀਤਾ ਜਿਊਂਦਾ
ਮੋਹਾਲੀ, 25 ਅਪ੍ਰੈਲ : ਦੇਸ਼ ਕਲਿੱਕ ਬਿਓਰੋ
ਮੋਹਾਲੀ ਜ਼ਿਲ੍ਹੇ ਦੇ ਪਿੰਡ ਕੰਬਾਲਾ ਵਿਚ ਇਕ ਬੇਸ਼ਕੀਮਤੀ 22 ਏਕੜ ਜ਼ਮੀਨ ਨੂੰ ਜ਼ਬਰਦਸਤੀ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ।
ਅੱਜ ਇੱਥੇ ਮੋਹਾਲੀ ਪ੍ਰੈਸ ਕਲੱਸ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਬੋਲਦਿਆਂ ਅਜੀਤ ਸਿੰਘ ਰਨੌਤਾ ਨੇ ਕਿਹਾ ਕਿ ਮੇਰੇ ਦੋਸਤ ਨਰਿੰਦਰ ਸਿੰਘ ਅਤੇ ਅਵਤਾਰ ਸਿੰਘ ਜੋ ਕਿ ਕੀਨੀਆ ਵਾਸੀ ਹਨ, ਨੇ ਪਿੰਡ ਕੰਬਾਲਾ ਵਿੱਚ ਇਹ 22 ਏਕੜ ਜ਼ਮੀਨ ਸੰਨ 1974 ਵਿੱਚ ਖਰੀਦੀ ਸੀ। ਉਹਨਾਂ ਦੱਸਿਆ ਕਿ ਅਵਤਾਰ ਸਿੰਘ ਦੀ 1976 ਵਿੱਚ ਮੌਤ ਹੋ ਗਈ ਸੀ। ਉਹਨਾਂ ਦੱਸਿਆ ਕਿ ਇੱਕ ਝੂਠੇ ਵਿਅਕਤੀ ਨੇ ਆਪਣੇ ਆਪ ਨੂੰ ਅਵਤਾਰ ਸਿੰਘ ਕਹਿੰਦੇ ਹੋਏ ਇਕ ਸਿਵਲ ਕੇਸ ਅਵਤਾਰ ਸਿੰਘ ਵਰਸਿਜ਼ ਜਨਰਲ ਪਬਲਿਕ ਪਾ ਦਿੱਤਾ ਅਤੇ ਹੁਣ ਇਸ ਅਵਤਾਰ ਸਿੰਘ ਨੂੰ ਮਾਣਯੋਗ ਅਦਾਲਤ ਵਿਚ ਮ੍ਰਿਤਕ ਦੱਸ ਕੇ ਇਕ ਵਸੀਅਤ ਸੌਰਵ ਗੁਪਤਾ, ਜੋ ਕਿ ਔਰਚਿਡ ਕੰਪਨੀ ਦੇ ਡਾਇਰੈਕਟਰ ਹਨ, ਵੱਲੋਂ ਪੇਸ਼ ਕੀਤੀ ਗਈ। ਜਿਸ ਵਿਚ ਇਹ ਦੱਸਿਆ ਗਿਆ ਹੈ ਕਿ ਸੰਜੀਵ ਗੁਪਤਾ ਵਾਸੀ ਕੋਠੀ ਨੰ: 826, ਸੈਕਟਰ-2, ਪੰਚਕੂਲਾ (ਹਰਿਆਣਾ) ਮੋਬਾ: 9592911000 ਨੂੰ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਉਹ 22 ਏਕੜ ਜ਼ਮੀਨ ਦੀ ਪੈਰਵੀ ਕਰ ਸਕਣ ਅਤੇ ਔਰਚਿਡ ਕੰਪਨੀ ਅਤੇ ਹੋਰਨਾਂ ਵਾਰਸਾਂ ਦੇ ਵਿੱਚ ਉਕਤ ਅਵਤਾਰ ਸਿੰਘ ਦੀ ਜਾਇਦਾਦ ਨੂੰ ਵੰਡ ਸਕਣ।
ਇਸੇ ਤਰ੍ਹਾਂ ਇਕ ਵਿਅਕਤੀ ਪ੍ਰਿਤਪਾਲ ਸਿੰਘ ਉਰਫ ਡਾਲੀ ਨੇ ਇਕ ਸਿਵਲ ਮੁਕੱਦਮਾ ਮਾਣਯੋਗ ਸਿਵਲ ਕੋਰਟ ਮੋਹਾਲੀ ਵਿਖੇ ਦਾਇਰ ਕੀਤਾ, ਜਿਸਦੇ ਵਿਚ ਉਕਤ 22 ਏਕੜ ਜ਼ਮੀਨ ਇਕ ਨਿਹੰਗ ਅਵਤਾਰ ਸਿੰਘ ਵੱਲੋਂ ਉਸਦੇ ਹੱਕ ਵਿਚ ਵਸੀਅਤ ਦੇਣ ਬਾਰੇ ਦਾਇਰ ਕੀਤਾ। ਜੋ ਕਿ ਮਾਣਯੋਗ ਅਦਾਲਤ ਵਿਚ ਵਿਚਾਰਅਧੀਨ ਹੈ ਅਤੇ ਹੁਣ ਮਾਣਯੋਗ ਅਦਾਲਤ ਨੇ ਦੋਵੇਂ ਮੁਕੱਦਮਿਆਂ ਨੂੰ ਇਕੱਠੇ ਸੁਣਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਸ੍ਰੀ ਰਨੌਤਾ ਨੇ ਇਹ ਵੀ ਦੱਸਿਆ ਕਿ ਨਰਿੰਦਰ ਸਿੰਘ ਨੇ ਮਾਣਯੋਗ ਡੀਜੀਪੀ ਪੰਜਾਬ ਨੂੰ ਇਕ ਦਰਖਾਸਤ ਦਿੱਤੀ ਸੀ ਅਤੇ ਮਾਣਯੋਗ ਡੀਜੀਪੀ ਪੰਜਾਬ ਨੇ ਇਸ ਮਾਮਲੇ ਵਿਚ ਇਕ ਐਸਆਈਟੀ ਦਾ ਗਠਨ ਕੀਤਾ, ਜਿਸ ਨੇ ਆਪਣੇ ਰਿਪੋਰਟ ਉਚ ਅਧਿਕਾਰੀਆਂ ਨੂੰ ਸੌਂਪ ਦਿੱਤੀ ਹੈ ਅਤੇ ਜਨਤਕ ਹੋਣੀ ਬਾਕੀ ਹੈ।
ਸ੍ਰੀ ਰਨੌਤਾ ਨੇ ਇਹ ਵੀ ਦਸਿਆ ਕਿ ਮੇਰੇ ਮਿੱਤਰ ਨਰਿੰਦਰ ਸਿੰਘ ਦੀ 22 ਏਕੜ ਕੀਮਤੀ ਜ਼ਮੀਨ ਉਤੇ ਭੂਮਾਫੀਆ ਆਪਣੀ ਮਾੜੀ ਨਜ਼ਰ ਰੱਖੀ ਬੈਠਾ ਹੈ ਅਤੇ ਇਸ ਜ਼ਮੀਨ ਨੂੰ ਹੜੱਪਣ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਰਿਹਾ ਹੈ। ਪੰਜਾਬ ਸਰਕਾਰ ਨੇ ਜੋ ਤਿੰਨ ਆਈਪੀਐਸ ਅਫਸਰਾਂ ਦੀ ਸਿੱਟ ਇਕ ਕੇਸ ਦੀ ਜਾਂਚ ਲਈ ਨਿਯੁਕਤ ਕੀਤੀ ਗਈ ਹੈ, ਉਸ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਇਹਨਾਂ ਵਿਅਕਤੀਆਂ ਨੇ ਆਪਣੇ ਜਾਨ-ਮਾਲ ਦੀ ਰਾਖੀ ਕਰਨ ਦੀ ਅਪੀਲ ਵੀ ਕੀਤੀ।
ਇਸ ਮੌਕੇ ਉਹਨਾਂ ਨਾਲ ਬੌਬੀ ਰਨੌਤਾ, ਅਮਰਜੀਤ ਸਿੰਘ ਅਤੇ ਗੁਰਸੇਵਕ ਸਿੰਘ ਪਿੰਡ ਕੰਬਾਲਾ ਹਾਜ਼ਰ ਸਨ।