ਚੰਡੀਗੜ੍ਹ, 1 ਮਈ, ਦੇਸ਼ ਕਲਿਕ ਬਿਊਰੋ :
ਅੱਜ ਤੋਂ ਚੰਡੀਗੜ੍ਹ ਨਗਰ ਨਿਗਮ ਵੱਲੋਂ ਚਲਾਈਆਂ ਜਾ ਰਹੀਆਂ ਪਾਰਕਿੰਗਾਂ ਵਿੱਚ QR ਕੋਡ ਰਾਹੀਂ ਵੀ ਭੁਗਤਾਨ ਕੀਤਾ ਜਾ ਸਕਦਾ ਹੈ। ਪਹਿਲਾਂ ਇਹ ਪ੍ਰਣਾਲੀ ਮੌਜੂਦ ਨਹੀਂ ਸੀ। ਇਸ ਕਾਰਨ ਲੋਕਾਂ ਨੂੰ ਨਕਦ ਭੁਗਤਾਨ ਕਰਨ ਵਿੱਚ ਦਿੱਕਤ ਆ ਰਹੀ ਸੀ। ਪਰ ਇਸ ਸਮੱਸਿਆ ਦੇ ਮੱਦੇਨਜ਼ਰ ਨਗਰ ਨਿਗਮ ਨੇ ਅੱਜ ਤੋਂ ਇਹ ਪ੍ਰਣਾਲੀ ਲਾਗੂ ਕਰ ਦਿੱਤੀ ਹੈ।ਪਹਿਲਾਂ ਨਗਰ ਨਿਗਮ ਦਾ ਆਈਸੀਆਈਸੀਆਈ ਬੈਂਕ ਨਾਲ ਇਕਰਾਰਨਾਮਾ ਸੀ। ਉਸ ਵੱਲੋਂ ਦਿੱਤੀਆਂ ਮਸ਼ੀਨਾਂ ਵਿੱਚ QR ਕੋਡ ਦਾ ਵਿਕਲਪ ਨਹੀਂ ਸੀ। ਪਰ ਹੁਣ ਦੂਜੇ ਬੈਂਕਾਂ ਨਾਲ ਕੰਟੈਕਟ ਕਰਨ ਦੇ ਨਾਲ ਇਹ ਵਿਕਲਪ ਵੀ ਉਪਲਬਧ ਹੈ।
ਇਸ ਮਾਮਲੇ ਵਿੱਚ ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿੱਤਰਾ ਦਾ ਕਹਿਣਾ ਹੈ ਕਿ ਪਹਿਲੀ ਮਈ ਤੋਂ ਪਾਰਕਿੰਗ ਵਿਵਸਥਾ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ, ਉਸ ਨਾਲ ਪਾਰਕਿੰਗ ਫੀਸ ਵਿੱਚ ਪਾਰਦਰਸ਼ਤਾ ਆਵੇਗੀ। ਔਨਲਾਈਨ ਭੁਗਤਾਨ ਕਾਰਨ ਗਲਤੀ ਦੀ ਕੋਈ ਸੰਭਾਵਨਾ ਨਹੀਂ ਹੋਵੇਗੀ। ਕਿਉਂਕਿ ਇਹ ਪੈਸਾ ਸਿੱਧਾ ਨਿਗਮ ਦੇ ਖਾਤੇ ਵਿੱਚ ਜਮ੍ਹਾ ਹੋਵੇਗਾ। ਇਸ ਤੋਂ ਇਲਾਵਾ ਕਈ ਵਾਰ ਲੋਕਾਂ ਕੋਲ ਨਕਦੀ ਨਹੀਂ ਹੁੰਦੀ, ਜਿਸ ਕਾਰਨ ਪਾਰਕਿੰਗ ਦੇ ਗੇਟ 'ਤੇ ਵੱਡੇ ਨੋਟ ਹੋਣ ਕਾਰਨ ਜਾਮ ਲੱਗ ਜਾਂਦਾ ਹੈ। ਇਸ ਤੋਂ ਲੋਕਾਂ ਨੂੰ ਵੀ ਰਾਹਤ ਮਿਲੇਗੀ। ਨਿਗਮ ਨੇ ਇਸ ਸਮੱਸਿਆ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ।