ਦੋਪਹੀਆ ਵਾਹਨਾਂ ਲਈ ਸ਼ਹਿਰ ਦੀ ਸਾਰੀ ਪਾਰਕਿੰਗ ਪਹਿਲੇ 20 ਮਿੰਟਾਂ ਲਈ ਹੋਵੇਗੀ ਮੁਫਤ
4,8 ਘੰਟੇ ਜਾਂ ਵੱਧ ਸਮੇਂ ਲਈ ਦੇਣੇ ਹੋਣਗੇ ਜ਼ਿਆਦਾ ਪੈਸੇ, ਵਪਾਰਕ ਵਾਹਨਾਂ ਲਈ ਵੱਖਰੀਆਂ ਦਰਾਂ ਨਿਰਧਾਰਿਤ
ਚੰਡੀਗੜ੍ਹ, 14 ਜੂਨ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਵਿੱਚ ਪਾਰਕਿੰਗ ਦੀਆਂ ਨਵੀਆਂ ਦਰਾਂ ਤੈਅ ਕੀਤੀਆਂ ਗਈਆਂ ਹਨ। ਇਸ ਵਿੱਚ ਸ਼ਹਿਰ ਦੀ ਸਾਰੀ ਪਾਰਕਿੰਗ ਪਹਿਲੇ 20 ਮਿੰਟਾਂ ਲਈ ਮੁਫਤ ਹੋਵੇਗੀ। ਪਿਕ ਐਂਡ ਡਰਾਪ ਲਈ ਕੋਈ ਚਾਰਜ ਨਹੀਂ ਲਿਆ ਜਾਵੇਗਾ।
ਇਸ ਤੋਂ ਬਾਅਦ ਬਾਈਕ-ਸਕੂਟੀ ਵਰਗੇ ਦੋਪਹੀਆ ਵਾਹਨ ਲਈ 4 ਘੰਟੇ ਲਈ 7 ਰੁਪਏ ਅਤੇ ਕਾਰ ਲਈ 15 ਰੁਪਏ ਲਏ ਜਾਣਗੇ।
8 ਘੰਟੇ ਲਈ ਕਾਰ ਲਈ 20 ਰੁਪਏ ਦੇਣੇ ਪੈਣਗੇ। ਜੇਕਰ ਇਸ ਤੋਂ ਵੱਧ ਦੇਰੀ ਹੁੰਦੀ ਹੈ ਤਾਂ ਹਰ ਘੰਟੇ ਲਈ 10 ਰੁਪਏ ਵਾਧੂ ਦੇਣੇ ਪੈਣਗੇ।
ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸ਼ਹਿਰ ਦੀਆਂ ਸਾਰੀਆਂ 84 ਪਾਰਕਿੰਗਾਂ ਵਿੱਚ ਇਸ ਨਵੇਂ ਰੇਟ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਤੋਂ ਇਲਾਵਾ ਵਪਾਰਕ ਵਾਹਨਾਂ ਜਿਵੇਂ ਮਿੰਨੀ ਬੱਸਾਂ, ਕੈਬ ਅਤੇ ਟੈਕਸੀਆਂ ਲਈ ਵੱਖਰੀਆਂ ਪਾਰਕਿੰਗ ਦਰਾਂ ਨਿਰਧਾਰਤ ਕੀਤੀਆਂ ਗਈਆਂ ਹਨ। ਉਨ੍ਹਾਂ ਨੂੰ 20 ਮਿੰਟ ਲਈ 10 ਰੁਪਏ ਦੇਣੇ ਹੋਣਗੇ।20 ਮਿੰਟ ਤੋਂ 4 ਘੰਟੇ ਲਈ 30 ਰੁਪਏ ਦੇਣੇ ਹੋਣਗੇ। 4 ਤੋਂ 8 ਘੰਟੇ ਲਈ 35 ਰੁਪਏ ਦੇਣੇ ਪੈਣਗੇ। ਇਸ ਤੋਂ ਬਾਅਦ 15 ਰੁਪਏ ਪ੍ਰਤੀ ਘੰਟਾ ਵਾਧੂ ਚਾਰਜ ਲਗਾਇਆ ਜਾਵੇਗਾ।
ਜੇਕਰ ਕੋਈ ਚੰਡੀਗੜ੍ਹ ਦੀਆਂ ਸਾਰੀਆਂ ਪਾਰਕਿੰਗਾਂ ਲਈ 12 ਘੰਟੇ ਲਈ ਪਾਸ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਲਈ 100 ਰੁਪਏ ਦੇਣੇ ਪੈਣਗੇ। ਮਹੀਨਾਵਾਰ ਪਾਸ ਲਈ 800 ਰੁਪਏ ਦਾ ਚਾਰਜ ਹੋਵੇਗਾ।
ਏਲਾਂਟੇ ਮਾਲ ਅਤੇ ਫਨ ਰਿਪਬਲਿਕ, ਚੰਡੀਗੜ੍ਹ ਦੇ ਬਾਹਰ ਪਾਰਕਿੰਗ ਲਈ ਵਾਧੂ ਖਰਚੇ ਦੇਣੇ ਪੈਣਗੇ। ਇੱਥੇ ਕੋਈ ਮੁਫਤ ਦਾਖਲਾ ਸਹੂਲਤ ਨਹੀਂ ਹੈ। ਇੱਥੇ ਪ੍ਰਾਈਵੇਟ ਵਾਹਨਾਂ ਲਈ ਪਹਿਲੇ 4 ਘੰਟਿਆਂ ਲਈ 70 ਰੁਪਏ, 4 ਤੋਂ 8 ਘੰਟਿਆਂ ਲਈ 130 ਰੁਪਏ ਅਤੇ ਉਸ ਤੋਂ ਬਾਅਦ 20 ਰੁਪਏ ਪ੍ਰਤੀ ਘੰਟਾ ਦੇਣੇ ਪੈਣਗੇ।
ਇਸੇ ਤਰ੍ਹਾਂ ਵਪਾਰਕ ਵਾਹਨਾਂ ਲਈ ਪਹਿਲੇ 4 ਘੰਟਿਆਂ ਲਈ 250 ਰੁਪਏ, 4 ਤੋਂ 8 ਘੰਟਿਆਂ ਲਈ 400 ਰੁਪਏ ਅਤੇ 8 ਘੰਟਿਆਂ ਬਾਅਦ 30 ਰੁਪਏ ਪ੍ਰਤੀ ਘੰਟਾ ਚਾਰਜ ਹੋਵੇਗਾ।
ਜਦਕਿ ਪਿਕਾਡਲੀ ਮਾਲ ਦੇ ਬਾਹਰ ਨਿੱਜੀ ਵਾਹਨਾਂ ਲਈ ਪਹਿਲੇ 4 ਘੰਟਿਆਂ ਲਈ 50 ਰੁਪਏ, 4 ਤੋਂ 8 ਘੰਟਿਆਂ ਲਈ 70 ਰੁਪਏ ਅਤੇ ਉਸ ਤੋਂ ਬਾਅਦ 20 ਰੁਪਏ ਪ੍ਰਤੀ ਘੰਟਾ ਫੀਸ ਲਈ ਜਾਵੇਗੀ। ਕਮਰਸ਼ੀਅਲ ਵਾਹਨਾਂ ਲਈ ਪਿਕਾਡਲੀ ਮਾਲ ਦੇ ਬਾਹਰ ਪਹਿਲੇ ਚਾਰ ਘੰਟਿਆਂ ਲਈ 250 ਰੁਪਏ, ਚਾਰ ਤੋਂ ਅੱਠ ਘੰਟਿਆਂ ਲਈ 410 ਰੁਪਏ ਅਤੇ ਉਸ ਤੋਂ ਬਾਅਦ 30 ਰੁਪਏ ਪ੍ਰਤੀ ਘੰਟਾ ਟਿਕਟ ਲਈ ਜਾਵੇਗੀ।