ਚੰਡੀਗੜ੍ਹ: 10 ਅਪ੍ਰੈਲ, ਦੇਸ਼ ਕਲਿੱਕ ਬਿਓਰੋ
CBI ਨੇ ਚੰਡੀਗੜ੍ਹ ਪੁਲੀਸ ਦੇ ਇੱਕ ਸਬ-ਇੰਸਪੈਕਟਰ (SI) ਅਤੇ ਸਹਾਇਕ ਸਬ-ਇੰਸਪੈਕਟਰ (ASI) ਨੂੰ 10,000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਸ਼ੀ ਸਬ-ਇੰਸਪੈਕਟਰ 17 ਥਾਣੇ 'ਚ ਤਾਇਨਾਤ ਦੱਸਿਆ ਜਾਂਦਾ ਹੈ ਜਦੋਂ ਕਿ ਮੁਲਜ਼ਮ ਸਹਾਇਕ ਸਬ-ਇੰਸਪੈਕਟਰ ਪੀ.ਓ ਸੈੱਲ ਵਿੱਚ ਤਾਇਨਾਤ ਦੱਸਿਆ ਜਾਂਦਾ ਹੈ।
ਸੀਬੀਆਈ ਨੂੰ ਮੁਲਜ਼ਮ ਸਹਾਇਕ ਸਬ-ਇੰਸਪੈਕਟਰ ਖ਼ਿਲਾਫ਼ ਸ਼ਿਕਾਇਤ ਮਿਲੀ ਸੀ ਕਿ ਸ਼ਿਕਾਇਤਕਰਤਾ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਅਤੇ ਉਸ ਤੋਂ 1 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ। ਏ.ਐਸ.ਆਈ ਨੇ ਸ਼ਿਕਾਇਤਕਰਤਾ ਵਿਰੁੱਧ ਐਫਆਈਆਰ ਦਰਜ ਨਾ ਕਰਨ ਦੇ ਬਦਲੇ ਸ਼ਿਕਾਇਤਕਰਤਾ ਤੋਂ 1 ਲੱਖ ਰੁਪਏ ਦੀ ਮੰਗ ਕੀਤੀ ਅਤੇ 40,000 ਰੁਪਏ ਵਿੱਚ ਸਮਝੌਤਾ ਹੋ ਗਿਆ। ਜਿਸ ਵਿੱਚੋਂ ਜਦੋਂ 10,000 ਰੁਪਏ ਦੀ ਪਹਿਲੀ ਰਕਮ ਸ਼ਿਕਾਇਤਕਰਤਾ ਵੱਲੋਂ ਏ.ਐਸ.ਆਈ ਨੂੰ ਦਿੱਤੀ ਗਈ ਤਾਂ ਸੀਬੀਆਈ ਨੇ ਮੌਕੇ ‘ਤੇ ਹੀ ਜ਼ਬਤ ਕਰ ਲਈ।
ਦੋਸ਼ੀ ਸਹਾਇਕ ਸਬ-ਇੰਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਲਈ ਸੀਬੀਆਈ ਨੇ ਪੂਰੀ ਯੋਜਨਾਬੰਦੀ ਨਾਲ ਜਾਲ ਵਿਛਾਇਆ ਅਤੇ ਮੁਲਜ਼ਮ ਏਐਸਆਈ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਸੀਬੀਆਈ ਵੱਲੋਂ ਇਨ੍ਹਾਂ ਦੋਵਾਂ ਦੇ ਚੰਡੀਗੜ੍ਹ ਅਤੇ ਮੋਹਾਲੀ ਸਥਿਤ ਰਿਹਾਇਸ਼ੀ ਸਥਾਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ।