ਚੰਡੀਗੜ੍ਹ: 30 ਮਾਰਚ, ਦੇਸ਼ ਕਲਿੱਕ ਬਿਓਰੋ
ਚੰਡੀਗੜ੍ਹ ਦੇ ਪੋਸਟ-ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGI) ਦੇ ਐਡਵਾਂਸ ਕਾਰਡਿਕ ਸੈਂਟਰ ਦੀ ਚੌਥੀ ਮੰਜ਼ਿਲ 'ਤੇ ਸਥਿਤ ਆਪਰੇਸ਼ਨ ਥੀਏਟਰ 'ਚ ਅੱਜ ਦੁਪਹਿਰ ਅੱਗ ਲੱਗ ਗਈ। ਹਸਪਤਾਲ ਦੇ ਅਧਿਕਾਰੀਆਂ ਅਨੁਸਾਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਕਾਰਡੀਓਥੋਰੇਸਿਕ ਐਂਡ ਵੈਸਕੁਲਰ ਸਰਜਰੀ ਵਾਰਡ ਦੇ ਅਪਰੇਸ਼ਨ ਥੀਏਟਰ ਵਿੱਚ ਅੱਗ ਉਦੋਂ ਲੱਗੀ ਜਦੋਂ ਇੱਕ 70 ਸਾਲਾ ਔਰਤ ਦੇ ਵਾਲਵ ਦੀ ਸਰਜਰੀ ਚੱਲ ਰਹੀ ਸੀ। ਅੱਗ ਲੱਗਣ ਕਾਰਨ ਭਗਦੜ ਮੱਚ ਗਈ। ਮਰੀਜ਼ ਨੂੰ ਇੰਟੈਂਸਿਵ ਕੇਅਰ ਯੂਨਿਟ ਵਿੱਚ ਸ਼ਿਫਟ ਕੀਤਾ ਗਿਆ, ਜਿੱਥੇ ਸਰਜਰੀ ਮੁੜ ਸ਼ੁਰੂ ਹੋਈ। ਅੱਗ ਸ਼ਾਰਟ ਸਰਕਟ ਤੋਂ ਬਾਅਦ ਲੱਗੀ ਹੈ।
ਪਿਛਲੇ ਪੰਜ ਮਹੀਨਿਆਂ ਵਿੱਚ ਪੀਜੀਆਈ ਵਿੱਚ ਅੱਗ ਲੱਗਣ ਦੀ ਇਹ ਪੰਜਵੀਂ ਘਟਨਾ ਹੈ। ਪਿਛਲੇ ਸਾਲ ਅਕਤੂਬਰ ਵਿੱਚ ਕੈਂਪਸ ਵਿੱਚ ਅੱਗ ਦੀਆਂ ਦੋ ਵੱਡੀਆਂ ਘਟਨਾਵਾਂ ਵਾਪਰੀਆਂ ਸਨ। ਪਹਿਲੀ ਵਾਰ 10 ਅਕਤੂਬਰ ਨੂੰ ਨਹਿਰੂ ਹਸਪਤਾਲ ਵਿੱਚ ਅੱਗ ਲੱਗੀ ਸੀ ਜਿਸ ਵਿੱਚ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਸਮੇਤ 424 ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ ਸੀ।