ਵਰਕਰਾਂ ਨੇ ਕਿਹਾ, ‘ਸਮੇਂ ਸਿਰ ਨਹੀਂ ਮਿਲਦਾ ਮਾਣਭੱਤਾ, ਅਧਿਕਾਰੀ ਦਿੰਦੇ ਨੇ ਕੱਢਣ ਦੀਆਂ ਧਮਕੀਆਂ’
ਚੰਡੀਗੜ੍ਹ, 29 ਮਾਰਚ, ਦੇਸ਼ ਕਲਿੱਕ ਬਿਓਰੋ :
ਚੰਡੀਗੜ੍ਹ ਦੇ ਆਂਗਣਵਾੜੀ ਸੈਂਟਰਾਂ ਵਿੱਚ ਕੰਮ ਕਰਨ ਵਾਲੀਆਂ ਵਰਕਰਾਂ ਤੇ ਹੈਲਪਰਾਂ ਦੀ ਮੀਟਿੰਗ ਅੱਜ ਏਕਟੂ ਪ੍ਰਧਾਨ ਕੰਵਲਜੀਤ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦੇ ਹੋਏ ਊਸ਼ਾ ਰਾਣੀ ਨੇ ਦੱਸਿਆ ਕਿ ਚੰਡੀਗੜ੍ਹ ਦੇ ਆਂਗਣਵਾੜੀ ਕੇਂਦਰਾਂ ਵਿੱਚ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਕਦੇ ਵੀ ਸਮੇਂ ਸਿਰ ਵੇਤਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਦੱਸਿਆ ਕਿ ਕਈ ਵਾਰ 6 ਮਹੀਨਿਆਂ ਤੋਂ ਬਾਅਦ ਮਾਣਭੱਤਾ ਦਿੱਤਾ ਜਾਂਦਾ ਹੈ, ਜੋ ਗੈਰ ਇਨਸਾਨੀ ਅਤੇ ਗੈਰ ਕਾਨੂੰਨੀ ਵੀ ਹੈ। ਲੇਬਰ ਕਾਨੂੰਨ ਮੁਤਾਬਕ ਹਰ ਮਹੀਨੇ 7 ਤੋਂ 10 ਤਾਰੀਕ ਤੱਕ ਸੈਲਰੀ ਦਿੱਤੀ ਜਾਣੀ ਜ਼ਰੂਰੀ ਹੈ। ਇੱਥੋਂ ਤੱਕ ਕਿ ਇਸਦਾ ਵੱਡਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ। ਪ੍ਰੰਤੂ ਚੰਡੀਗੜ੍ਹ ਵਿੱਚ ਸਮਾਜਿਕ ਸੁਰੱਖਿਆ ਤੇ ਮਹਿਲਾ ਬਾਲ ਵਿਕਾਸ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਇਸਦੀ ਕੋਈ ਚਿੰਤਾ ਹੀ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਆਂਗਣਵਾੜੀ ਵਰਕਰਾਂ ਤੋਂ ਪੋਸ਼ਣ ਟਰੈਕਰ ਆਦਿ ਐਪ ਵੀ ਕੰਮ ਲਏ ਜਾਂਦੇ ਹਨ, ਜਦੋਂ ਕਿ ਉਹ ਕਿਸੇ ਵੀ ਟ੍ਰੇਨਿੰਗ ਦੇ ਦਾਇਰੇ ਤੋਂ ਬਾਹਰ ਹਨ। ਇਸਦੀ ਕੋਈ ਤਕਨੀਕੀ ਖਾਮੀ ਹੋਣ ਉਤੇ ਵਰਕਰਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਮੀਟਿੰਗ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜੋ ਵੀ ਆਂਗਣਵਾੜੀ ਵਰਕਰਾਂ ਆਪਣੀਆਂ ਸਮੱਸਿਆਵਾਂ ਨੂੰ ਕਿਸੇ ਅਧਿਕਾਰੀ ਦੇ ਸਾਹਮਣੇ ਰੱਖਦੀਆਂ ਹਨ ਤਾਂ, ਉਸ ਨੂੰ ਕਦੇ ਘਰ ਤੋਂ ਆਂਗਣਵਾੜੀ ਦੀ ਦੂਰੀ ਦਾ ਹਵਾਲਾ ਦੇ ਕੇ ਜਾਂ ਕੰਮਕਾਜ ਵਿੱਚ ਕਮੀ ਦੱਸ ਕੇ ਕੱਢਣ ਦੀ ਧਮਕੀ ਦਿੱਤੀ ਜਾਂਦੀ ਹੈ। ਮੀਟਿੰਗ ਵਿੱਚ ਵੀ ਫੈਸਲਾ ਕੀਤਾ ਗਿਆ ਕਿ ਜੇਕਰ ਸਮੱਸਿਆਵਾਂ ਦਾ ਛੇਤੀ ਹਲ ਨਾ ਕੱਢਿਆ ਗਿਆ ਤਾਂ ਵੱਡੇ ਪ੍ਰਦਰਸ਼ਨ ਦੀ ਤਿਆਰੀ ਕੀਤੀ ਜਾਵੇਗੀ।
ਮੀਟਿੰਗ ਵਿੱਚ ਸੰਧਿਆ, ਪਵਨਾ ਦੇਵੀ, ਸੁਨੈਨਾ ਦੇਵੀ, ਭੰਵਰੀ ਤੋਂ ਇਲਾਵਾ ਏਕਟੂ ਦੇ ਸਕੱਤਰ ਸਤੀਸ਼ ਕੁਮਾਰ ਵੀ ਸ਼ਾਮਲ ਹੋਏ।