ਮਨਮੋਹਨ ਸਿੰਘ ਦਾਊਂ
ਕੀੜੀ ਸੀ ਇੱਕ ਨਿੱਕੜੀ, ਰਹਿੰਦੀ ਛੱਪੜ ਕੋਲ,
ਕੰਢੇ ਉਸ ਦੇ ਉੱਗਿਆ, ਪਿੱਪਲ ਇੱਕ ਅਡੋਲ।
ਗਰਮੀ ਤਪਦੀ ਰੁੱਤ ਸੀ, ਕੀੜੀ ਨੂੰ ਸੀ ਪਿਆਸ,
ਤੁਰਦੀ-ਤੁਰਦੀ ਪੁੱਜ ਗਈ, ਡੂੰਘੇ ਛੱਪੜ ਪਾਸ।
ਤੱਕ ਕੇ ਪਾਣੀ ਖਿੜ ਗਈ, ਡਿੱਗੀ ਛੱਪੜ ਵਿੱਚ,
ਪਾਣੀ ਪੀਣਾ ਭੁੱਲ ਗਈ, ਕਰੇ ਘੜਿੱਚ-ਘੜਿੱਚ।
ਤਰਲੇ ਲੱਗੀ ਲੈਣ ਫਿਰ, ਕਿੰਜ ਬਚਾਏ ਜਾਨ,
ਪਿੱਪਲ ਬੈਠੇ ਕਬੂਤਰ ਨੂੰ, ਆਇਆ ਝੱਟ ਧਿਆਨ।
ਪੱਤਾ ਉਸ ਨੇ ਤੋੜ ਕੇ, ਸੁੱਟਿਆ ਕੀੜੀ ਕੋਲ,
ਕੀੜੀ ਪੱਤੇ ਚੜ੍ਹ ਗਈ, ਲੱਗੀ ਕਰਨ ਕਲੋਲ।
ਤਰਦਾ ਪੱਤਾ ਲੱਗਿਆ, ਛੱਪੜ ਕੰਢੇ ਆਣ,
ਛੱਪੜ ਡਿੱਗੀ ਕੀੜੀ ਦੀ ਬਚ ਗਈ ਸੀ ਜਾਨ।
ਕੀੜੀ ਕਹੇ ਕਬੂਤਰ ਨੂੰ, ਧੰਨ ਤੂੰ ਮੇਰਾ ਵੀਰ,
ਰੱਖੇ ਜਿਹੜਾ ਹੌਸਲਾ, ਜਾਵੇ ਨਦੀਆਂ ਚੀਰ।
ਕਿੰਨੇ ਦਿਨ ਫਿਰ ਲੰਘ ਗਏ, ਪਿੱਪਲ ਝੂਮੇ ਨਿੱਤ,
ਪੰਛੀ ਮੌਜਾਂ ਮਾਣਦੇ, ਸੋਹਣੀ-ਸੋਹਣੀ ਦਿੱਖ।
ਇੱਕ ਸ਼ਿਕਾਰੀ ਆਣ ਕੇ, ਪਿੱਪਲ ਮਾਰੀ ਝਾਤ,
ਦੇਖ ਕਬੂਤਰ ਬੈਠਿਆ, ਲਾਉਣੀ ਸੋਚੀ ਘਾਤ।
ਫੜ ਕੇ ਹੱਥ ਬੰਦੂਕ ਉਹ, ਲੱਗਾ ਨਿਸ਼ਾਨਾ ਲਾਣ,
ਕੀੜੀ ਨੇ ਝੱਟ ਵੇਖਿਆ, ਕਬੂਤਰ ਹੈ ਬੇਧਿਆਨ।
ਗੋਲੀ ਜੇਕਰ ਚੱਲ ਗਈ, ਮਰੂ ਕਬੂਤਰ ਹਾਏ,
ਕੀੜੀ ਆਖਰ ਸੋਚਿਆ, ਵੀਰ ਨੂੰ ਕਿੰਜ ਬਚਾਏ।
ਕੀੜੀ ਦੌੜ ਕੇ ਚੜ੍ਹ ਗਈ, ਸ਼ਿਕਾਰੀ ਦੇ ਸੱਜੇ ਹੱਥ,
ਦੰਦੀ ਵੱਢੀ ਜ਼ੋਰ ਦੀ, ਬੰਦੂਕ ਥੱਲੇ ਡਿੱਗੀ ਝੱਟ।
ਸੁਣਦੇ ਸਾਰ ਖੜਾਕ ਨੂੰ, ਉੱਡਿਆ ਕਬੂਤਰ ਅਸਮਾਨ,
ਕੀੜੀ ਕਰ ਉਪਕਾਰ ਇੰਜ, ਬਖਸ਼ੀ ਉਸ ਦੀ ਜਾਨ।
ਕੀੜੀ ਨਿੱਕੀ ਕੰਮ ਵੱਡਾ, ਕੀਤਾ ਫੁਰਤੀ ਨਾਲ,
ਹੱਲ ਹੋ ਜਾਂਦਾ ਬੱਚਿਓ, ਇੰਜ ਔਕੜ ਵਾਲਾ ਸੁਆਲ।