ਮੋਰਿੰਡਾ 16 ਜੂਨ (ਭਟੋਆ )
ਗੁਰਮਤਿ ਪ੍ਰਚਾਰ ਫਰੰਟ ਵੈੱਲਫੇਅਰ ਸੁਸਾਇਟੀ ਵੱਲੋਂ ਨੌਜਵਾਨ ਪੀਡ਼੍ਹੀ ਅਤੇ ਬੱਚਿਆਂ ਨੂੰ ਸ਼ਬਦ ਗੁਰੂ ਨਾਲ ਜੋਡ਼ਨ ਲਈ ਪਿੰਡ ਫਤਿਹਪੁਰ ਵਿੱਚ ਸ਼ਬਦ ਕਵਿਤਾ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਰੰਟ ਦੇ ਪ੍ਰਧਾਨ ਭਾਈ ਕੁਲਵਿੰਦਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਪਿੰਡ ਫਤਿਹਪੁਰ ਦੀ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਮੁਕਾਬਲੇ ਕਰਵਾਏ ਗਏ। ਇਸ ਮੌਕੇ ਤੇ ਬੋਲਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਗੁਰਮੀਤ ਸਿੰਘ ਨੇ ਕਿਹਾ ਕਿ ਅਜੋਕੇ ਪਦਾਰਥਵਾਦੀ ਯੁੱਗ ਵਿੱਚ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਕੁਰਾਹੇ ਪੈਣ ਤੋਂ ਰੋਕਣ ਲਈ ਅਤੇ ਇਨ੍ਹਾਂ ਨੂੰ ਸਮਾਜਿਕ ਕੁਰੀਤੀਆਂ ਵਿਰੁੱਧ ਲੜਨ ਦਾ ਜਜ਼ਬਾ ਭਰਨ ਲਈ ਸ਼ਬਦ ਗੁਰੂ ਨਾਲ ਜੋੜਨਾ ਸਮੇਂ ਦੀ ਮੁਖ ਲੋੜ ਹੈ । ਉਨ੍ਹਾਂ ਫਰੰਟ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਮੂਹ ਮਾਪਿਆਂ ਨੂੰ ਆਪੋ ਆਪਣੇ ਬੱਚੇ ਨੂੰ ਸ਼ਬਦ ਗੁਰੂ ਨਾਲ ਜੁਡ਼ਨ ਦੀ ਅਪੀਲ ਕੀਤੀ ।
ਇਸ ਮੌਕੇ ਤੇ ਬੋਲਦਿਆਂ ਫਰੰਟ ਦੇ ਪ੍ਰਧਾਨ ਭਾਈ ਕੁਲਵਿੰਦਰ ਸਿੰਘ ਰਸੂਲਪੁਰ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣ ਲਈ ਫਰੰਟ ਵੱਲੋਂ ਪਿੰਡ ਪਿੰਡ ਜਾ ਕੇ ਅਜਿਹੇ ਮੁਕਾਬਲੇ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ , ਤਾਂ ਜੋ ਇੱਕ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ । ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਵੱਲੋਂ , ਮਾਪਿਆਂ ਤੇ ਬੱਚਿਆਂ ਵੱਲੋਂ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਮੌਕੇ ਤੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਤ ਕੀਤਾ ਗਿਆ ।
ਇਸ ਮੌਕੇ ਹੋਰਨਾਂ ਤੋਂ ਬਿਨਾਂ ਸਰਪੰਚ ਜਸਪਾਲ ਕੌਰ, ਬਲਜੀਤ ਸਿੰਘ , ਰਾਜਬੀਰ ਕੌਰ ,ਸ਼ਿੰਗਾਰਾ ਸਿੰਘ ,ਮਨਜੀਤ ਸਿੰਘ, ਲਖਵੀਰ ਸਿੰਘ ਅਤੇ ਪਰਮਜੀਤ ਕੌਰ ( ਸਾਰੇ ਮੈਂਬਰ ਪੰਚਾਇਤ ) ਵੀ ਹਾਜ਼ਰ ਸਨ ।