ਮਾਨਸਾ, 23 ਨਵੰਬਰ: ਦੇਸ਼ ਕਲਿੱਕ ਬਿਓਰੋ
ਭਾਸ਼ਾ ਵਿਭਾਗ ਮਾਨਸਾ ਦੇ ਸਹਿਯੋਗ ਨਾਲ ਤਾਰੇ ਭਲਕ ਦੇ ਬਾਲ ਪ੍ਰਤਿਭਾ ਮੰਚ ਪਟਿਆਲਾ ਵੱਲੋਂ ਸਥਾਨਕ ਭਾਸ਼ਾ ਵਿਭਾਗ ਦੇ ਦਫ਼ਤਰ ਵਿਖੇ ਨਾਵਲਕਾਰ ਜੋਗਿੰਦਰ ਕੌਰ ਅਗਨੀਹੋਤਰੀ ਦੀ ਪ੍ਰਧਾਨਗੀ ਹੇਠ ਪੁਰਸਕਾਰ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਕੋਟਲੱਲੂ (ਮਾਨਸਾ) ਦੇ ਅਵਿਨਾਸ਼ ਸ਼ਰਮਾ ਨੂੰ ਸਮੁੱਚੀ ਸਾਹਿਤ ਰਚਨਾ ਪੁਰਸਕਾਰ, ਬੀੜ ਬਹਿਮਣ (ਬਠਿੰਡਾ) ਦੇ ਬਲਰਾਜ ਸਿੰਘ ਨੂੰ ਚਿੱਤਰਕਲਾ ਪੁਰਸਕਾਰ ਅਤੇ ਪਿੰਡ ਅਕਲੀਆ (ਮਾਨਸਾ) ਦੀ ਰਾਜਵੀਰ ਕੌਰ ਨੂੰ ਸਰਬੋਤਮ ਬਾਲ ਪੁਸਤਕ ਪੁਰਸਕਾਰ ਪ੍ਰਦਾਨ ਕੀਤਾ ਗਿਆ। ਇਨ੍ਹਾਂ ਪੁਰਸਕਾਰਾਂ ਵਿੱਚ ਜੇਤੂਆਂ ਨੂੰ ਸਨਮਾਨ ਪੱਤਰ, 2100 ਰੁਪਏ ਦੀ ਰਾਸ਼ੀ ਅਤੇ ਪੁਸਤਕਾਂ ਦਾ ਸੈੱਟ ਭੇਂਟ ਕੀਤਾ ਗਿਆ।
ਵਿਭਾਗ ਦੇ ਖੋਜ ਅਫ਼ਸਰ ਸ਼ਾਇਰ ਗੁਰਪ੍ਰੀਤ ਨੇ ਸਭ ਦਾ ਸੁਆਗਤ ਕਰਦਿਆਂ ਦੱਸਿਆ ਕਿ ਜਸਪ੍ਰੀਤ ਸਿੰਘ ਜਗਰਾਓਂ ਅਤੇ ਕਵੀ ਸਤਪਾਲ ਭੀਖੀ ਦੀ ਰਹਿਨੁਮਾਈ ਹੇਠ ਸੰਸਥਾ ‘ਤਾਰੇ ਭਲਕ ਦੇ ਬਾਲ ਪ੍ਰਤਿਭਾ ਮੰਚ’ ਪਿਛਲੇ ਸੱਤ ਸਾਲਾਂ ਤੋਂ ਬਾਲ ਸਾਹਿਤ ਅਤੇ ਬਾਲ ਸਾਹਿਤਕਾਰਾਂ ਲਈ ਅਹਿਮ ਕਾਰਜ ਕਰ ਰਹੀ ਹੈ। ਇਹ ਸੰਸਥਾ ਹੁਣ ਤੱਕ ਛੋਟੇ ਬੱਚਿਆਂ ਦੀਆਂ 60 ਦੇ ਕਰੀਬ ਕਿਤਾਬਾਂ ਪ੍ਰਕਾਸ਼ਿਤ ਕਰ ਚੁੱਕੀ ਹੈ ਅਤੇ ਚੰਗੀਆਂ ਪੁਸਤਕਾਂ ਨੂੰ ਪੁਰਸਕਾਰ ਵੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਬਾਲ ਸਾਹਿਤ ਬੱਚੇ ਦੀ ਸਰਬਪੱਖੀ ਸ਼ਖਸ਼ੀਅਤ ਨੂੰ ਉਸਾਰਨ ਵਿੱਚ ਖਾਸ ਭੂਮਿਕਾ ਨਿਭਾਉਂਦਾ ਹੈ।
ਪ੍ਰਧਾਨਗੀ ਭਾਸ਼ਣ ਦਿੰਦਿਆਂ ਅਗਨੀਹੋਤਰੀ ਨੇ ਬਾਲ ਸਾਹਿਤਕਾਰਾਂ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ ਕਿ ਸੰਸਥਾ ਚੰਗਾ ਕਾਰਜ ਕਰ ਰਹੀ ਹੈ। ਜ਼ਿਲ੍ਹਾ ਭਾਸ਼ਾ ਅਫਸਰ ਤੇਜਿੰਦਰ ਕੌਰ ਨੇ ਧੰਨਵਾਦ ਕਰਦਿਆਂ ਭਾਸ਼ਾ ਵਿਭਾਗ ਦੇ ਕਾਰਜਾਂ ਨੂੰ ਸਾਂਝਾ ਕੀਤਾ ਤੇ ਬਾਲ ਸਾਹਿਤਕਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਹਿਤ ਅਤੇ ਕਲਾ ਦਾ ਮਨੁੱਖ ਦੇ ਜੀਵਨ ਵਿੱਚ ਬਹੁਤ ਮਹੱਤਵ ਹੈ। ਸਮਾਗਮ ਦੌਰਾਨ ਨਾਵਲਕਾਰ ਜੋਗਿੰਦਰ ਕੌਰ ਅਗਨੀਹੋਤਰੀ, ਬਲਜੀਤ ਅਕਲੀਆ ਤੇ ਜਤਿੰਦਰ ਮੋਹਨ ਨੇ ਵੀ ਸੰਬੋਧਨ ਕੀਤਾ.