ਬੱਚਾ ਰੇਲਗੱਡੀ 'ਚ ਇਕੱਲਾ ਹੀ ਬੈਠ ਕੇ ਬਿਹਾਰ ਦੇ ਸਮਸਤੀਪੁਰ ਪਹੁੰਚਿਆ
ਲੁਧਿਆਣਾ,30 ਜੁਲਾਈ,ਦੇਸ਼ ਕਲਿਕ ਬਿਊਰੋ:
ਲੁਧਿਆਣਾ ਜ਼ਿਲ੍ਹੇ ਦੇ ਢੰਡਾਰੀ ਇਲਾਕੇ ਦੇ ਪ੍ਰਾਇਮਰੀ ਸਕੂਲ ਦੇ ਬਾਹਰੋਂ 8 ਸਾਲਾ ਵਿਦਿਆਰਥੀ ਦੇ ਅਚਾਨਕ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਸ ਪਹਿਲਾਂ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਅਗਵਾ ਦੇ ਮਾਮਲੇ ਦੀ ਜਾਂਚ ਕਰ ਰਹੀ ਸੀ ਪਰ ਜਾਂਚ 'ਚ ਸਾਹਮਣੇ ਆਇਆ ਕਿ ਬੱਚਾ ਰੇਲਗੱਡੀ 'ਚ ਇਕੱਲਾ ਹੀ ਬੈਠ ਕੇ ਬਿਹਾਰ ਦੇ ਸਮਸਤੀਪੁਰ ਪਹੁੰਚ ਗਿਆ ਸੀ।ਵੀਡੀਓ ਕਾਲ ਰਾਹੀਂ ਬੱਚੇ ਦੀ ਪਛਾਣ ਕਰਵਾਉਣ ਤੋਂ ਬਾਅਦ ਪੁਲਸ ਨੇ ਉਸ ਨੂੰ ਉਸਦੇ ਦਾਦਾ-ਦਾਦੀ ਦੇ ਹਵਾਲੇ ਕਰ ਦਿੱਤਾ। ਉਹ ਉਸਨੂੰ ਨਾਲ ਲੈ ਕੇ ਲੁਧਿਆਣਾ ਆ ਰਹੇ ਹਨ। ਲਾਪਤਾ ਬੱਚੇ ਦੇ ਪਿਤਾ ਸ਼ਿਵ ਦਿਆਲ ਨੇ ਥਾਣਾ ਸਾਹਨੇਵਾਲ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ 27 ਜੁਲਾਈ ਨੂੰ ਉਸ ਦਾ 8 ਸਾਲਾ ਲੜਕਾ ਸਕੂਲ ਗਿਆ ਸੀ, ਪਰ ਵਾਪਸ ਨਹੀਂ ਆਇਆ। ਉਸ ਨੇ ਸ਼ੱਕ ਜਤਾਇਆ ਕਿ ਉਸ ਦੇ ਲੜਕੇ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ।ਪਿਤਾ ਅਨੁਸਾਰ ਸੀਸੀਟੀਵੀ ਫੁਟੇਜ ਵਿੱਚ ਸਕੂਲੀ ਵਰਦੀ ਵਿੱਚ ਇੱਕ ਵਿਅਕਤੀ ਬੱਚੇ ਨੂੰ ਬਾਈਕ ’ਤੇ ਬਿਠਾ ਕੇ ਲਿਜਾਂਦਾ ਦੇਖਿਆ ਗਿਆ। ਜਦੋਂ ਪੁਲਿਸ ਨੇ ਬਾਈਕ ਚਾਲਕ ਦਾ ਪਤਾ ਲਗਾ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਬਾਈਕ ਸਵਾਰ ਆਪਣੇ ਰਿਸ਼ਤੇਦਾਰ ਦੇ ਲੜਕੇ ਨੂੰ ਲੈ ਕੇ ਜਾ ਰਿਹਾ ਸੀ।ਉਸ ਬੱਚੇ ਨੇ ਉਸੇ ਸਕੂਲ ਦੀ ਵਰਦੀ ਪਾਈ ਹੋਈ ਸੀ ਜਿਸ ਵਿੱਚ ਲਾਪਤਾ ਬੱਚਾ ਪੜ੍ਹਦਾ ਹੈ। ਇਸ ਕਾਰਨ ਪੀੜਤ ਪਰਿਵਾਰ ਨੂੰ ਸ਼ੱਕ ਸੀ ਕਿ ਬੱਚੇ ਨੂੰ ਅਗਵਾ ਕਰ ਲਿਆ ਗਿਆ ਹੈ।ਪੁਲੀਸ ਨੇ ਜਦੋਂ ਜਾਂਚ ਕੀਤੀ ਤਾਂ ਲਾਪਤਾ ਬੱਬੀ ਕੁਮਾਰ ਸਮਸਤੀਪੁਰ ਵਿਖੇ ਮਿਲਿਆ। ਪੁਲੀਸ ਨੇ ਰੇਲਵੇ ਸਟੇਸ਼ਨ ਆਦਿ ’ਤੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਬੱਬੀ 27 ਜੁਲਾਈ ਨੂੰ ਸਕੂਲ ਨਹੀਂ ਗਿਆ ਸੀ। ਪੁਲਿਸ ਹੁਣ ਮਾਮਲੇ ਦੀ ਸ਼ੁਰੂਆਤ ਤੋਂ ਜਾਂਚ ਵਿੱਚ ਜੁਟੀ ਹੋਈ ਹੈ।