ਚੰਡੀਗੜ : 9 ਮਾਰਚ ,ਦੇਸ ਕਲਿੱਕ ਬਿਓਰੋ
ਚੰਡੀਗੜ੍ਹ ਮੇਅਰ ਚੋਣਾਂ ਤੋਂ ਪਹਿਲਾਂ ਭਾਜਪਾ 'ਚ ਸ਼ਾਮਲ ਹੋਈਆਂ ਆਮ ਆਦਮੀ ਪਾਰਟੀ ਦੀਆਂ ਚੰਡੀਗੜ੍ਹ ਦੀਆਂ ਕੌਂਸਲਰ ਪੂਨਮ ਕੁਮਾਰੀ ਅਤੇ ਨੇਹਾ ਮੁਸਾਵਤ ਅੱਜ 'ਆਪ' 'ਚ ਵਾਪਸ ਆ ਗਈਆਂ ਹਨ। ਦੋਨਾਂ ਕੌਂਸਲਰਾਂ ਦਾ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਓਐਸਡੀ ਰਾਜਵੀਰ ਸਿੰਘ ਘੁੰਮਣ ਨੇ ਸੁਆਗਤ ਕੀਤਾ। ਇਸ ਮੌਕੇ ‘ਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਵੀ ਮੌਜੂਦ ਰਹੇ।
ਇਸ ਮੌਕੇ ਉਤੇ ਕੌਂਸਲਰ ਨੇਹਾ ਮੁਸਾਵਤ ਅਤੇ ਪੂਨਮ ਕੁਮਾਰੀ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਉਹ ਪਿਛਲੇ ਦਿਨੀਂ ਗੁੰਮਰਾਹ ਹੋ ਕੇ ਬੀਜੇਪੀ ਵਿੱਚ ਚਲੇ ਗਏ ਸਨ। ਅੱਜ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਆਪਣੀ ਆਮ ਆਦਮੀ ਪਾਰਟੀ ਵਿੱਚ ਮੁੜ ਤੋਂ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਆਉਣ ਵਾਲੇ ਦਿਨਾਂ ਵਿੱਚ ਅਸੀਂ ਚੰਡੀਗੜ੍ਹ ਨਗਰ ਨਿਗਮ ਵਿੱਚ ਸ਼ਹਿਰ ਵਾਸੀਆਂ ਦੇ ਮੁੱਦਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਾਵਾਂਗੇ ਅਤੇ ਚੰਡੀਗੜ੍ਹ ਵਾਸੀਆਂ ਦੀ ਭਲਾਈ ਲਈ ਹਰ ਸਮੇਂ ਕੰਮ ਕਰਦੇ ਰਹਾਂਗੇ।
ਡਾ. ਐਸ.ਐਸ. ਆਹਲੂਵਾਲੀਆ ਨੇ ਦੋਨਾਂ ਕੌਂਸਲਰਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਅੱਜ ਕੌਂਸਲਰ ਨੇਹਾ ਮੁਸਾਵਤ ਅਤੇ ਪੂਨਮ ਕੁਮਾਰੀ ਦੇ ਘਰ ਵਾਪਸੀ ਕਰਨ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ ਹੈ। ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਅਸੀਂ ਦਿਨ–ਰਾਤ ਕੰਮ ਕਰ ਰਹੇ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਬੀਜੇਪੀ ਵਲੋਂ ਚੰਡੀਗੜ੍ਹ ਦੇ ਵਿਕਾਸ ਕਾਰਜਾਂ ਵਿੱਚ ਸਰਕਾਰੀ ਅਫ਼ਸਰਾਂ ਦੇ ਰਾਂਹੀ ਨਗਰ ਨਿਗਮ ਦੇ ਕੰਮਾਂ ਵਿੱਚ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ। ਜੋ ਕਿ ਚੰਡੀਗੜ੍ਹ ਵਾਸੀਆਂ ਦੇ ਨਾਲ ਸਰੇਆਮ ਧੱਕਾ ਹੈ। ਉਨ੍ਹਾ ਕਿਹਾ ਕਿ ਬੀਜੇਪੀ ਨੇ ਆਪਣੇ ਕਾਰਜਕਾਲ ਦੌਰਾਨ ਚੰਡੀਗੜ੍ਹ ਦਾ ਬੁਰਾ ਹਾਲ ਕਰ ਦਿੱਤਾ ਹੈ, ਪਰ ਹੁਣ ਜਦੋਂ ਮੇਅਰ ਕੁਲਦੀਪ ਕੁਮਾਰ ਵਲੋਂ ਚੰਡੀਗੜ੍ਹ ਵਾਸੀਆਂ ਨੂੰ ਸਹੂਲਤਾਂ ਮੁਹੱਈਆ ਕਰਾਉਣ ਅਤੇ ਵਿਕਾਸ ਕਾਰਜਾਂ ਬਾਰੇ ਨਗਰ ਨਿਗਮ ਹਾਊਸ ਲਈ ਮੀਟਿੰਗਾਂ ਰੱਖੀਆਂ ਜਾ ਰਹੀਆਂ ਹਨ ਤਾਂ ਬੀਜੇਪੀ ਵਲੋਂ ਸਰਕਾਰੀ ਅਫ਼ਸਰਾਂ ਰਾਂਹੀ ਕੰਮ ਵਿੱਚ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਾਸੀ ਹੁਣ ਬੀਜੇਪੀ ਦੀਆਂ ਗਲਤ ਨੀਤੀਆਂ ਨੂੰ ਚੰਗੀ ਤਰ੍ਹਾਂ ਜਾਣ ਚੁੱਕੇ ਹਨ, ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਚੰਡੀਗੜ੍ਹ ਦੇ ਵਿਚੋਂ ਬੀਜੇਪੀ ਦਾ ਸਫਾਇਆ ਹੋ ਜਾਵੇਗਾ।