ਉਪ ਰਾਸ਼ਟਰਪਤੀ ਜਗਦੀਪ ਧਨਖੜ 409 ਪੀਐਚਡੀ, 357 ਪੋਸਟ ਗ੍ਰੈਜੂਏਟ ਅਤੇ 88 ਗ੍ਰੈਜੂਏਟ ਨੂੰ ਡਿਗਰੀਆਂ ਵੰਡਣਗੇ
ਚੰਡੀਗੜ੍ਹ ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ
ਚੰਡੀਗੜ੍ਹ, 7 ਮਾਰਚ, ਦੇਸ਼ ਕਲਿਕ ਬਿਊਰੋ :
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਅੱਜ ਕਨਵੋਕੇਸ਼ਨ ਸਮਾਗਮ ਹੈ। ਇਸ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਸ਼ਿਰਕਤ ਕਰਨਗੇ। ਹੁਣ ਤੱਕ ਬਣੀ ਸੂਚੀ ਅਨੁਸਾਰ ਉਹ 409 ਪੀਐਚਡੀ, 357 ਪੋਸਟ ਗ੍ਰੈਜੂਏਟ ਅਤੇ 88 ਗ੍ਰੈਜੂਏਟ ਨੂੰ ਡਿਗਰੀਆਂ ਵੰਡਣਗੇ। ਇਸ ਦੇ ਨਾਲ ਹੀ 139 ਪੋਸਟ ਗ੍ਰੈਜੂਏਟ ਅਤੇ 100 ਗ੍ਰੈਜੂਏਟ ਵਿਦਿਆਰਥੀਆਂ ਨੂੰ ਮੈਡਲ ਵੀ ਦਿੱਤੇ ਜਾਣਗੇ। ਡਾਕਟਰ ਆਫ਼ ਸਾਇੰਸ ਦੀ ਪੀਐਚਡੀ ਡਿਗਰੀ ਸਿਰਫ਼ ਇੱਕ ਮਹਿਲਾ ਵਿਦਿਆਰਥੀ ਨੂੰ ਦਿੱਤੀ ਜਾਵੇਗੀ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਸਬੰਧੀ ਪੂਰੀ ਤਿਆਰੀ ਕਰ ਲਈ ਹੈ। ਇਹ ਪ੍ਰੋਗਰਾਮ ਸ਼ਾਮ 5:00 ਵਜੇ ਤੋਂ ਹੋਵੇਗਾ।
ਉਪ ਰਾਸ਼ਟਰਪਤੀ ਦੀ ਫੇਰੀ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਟਰੈਫਿਕ ਪੁਲੀਸ ਅਨੁਸਾਰ ਅੱਜ ਕੁਝ ਸੜਕਾਂ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਤਹਿਤ ਦੱਖਣੀ ਰੂਟ 'ਤੇ ਏਅਰਪੋਰਟ ਲਾਈਟ ਪੁਆਇੰਟ ਤੋਂ ਟ੍ਰਿਬਿਊਨ ਚੌਕ ਤੱਕ, ਪੂਰਬੀ ਰੂਟ 'ਤੇ ਟ੍ਰਿਬਿਊਨ ਚੌਕ ਤੋਂ ਟਰਾਂਸਪੋਰਟ ਲਾਈਟ ਤੱਕ, ਕੇਂਦਰੀ ਰੂਟ 'ਤੇ ਢਿੱਲੋਂ ਬੈਰੀਅਰ ਤੋਂ ਪੰਜਾਬ ਯੂਨੀਵਰਸਿਟੀ ਤੱਕ ਅਤੇ ਚੰਡੀ ਮਾਰਗ 'ਤੇ ਅਨਾਜ ਮੰਡੀ ਚੌਕ ਤੋਂ ਸੈਕਟਰ 27/28 ਲਾਈਟ ਪੁਆਇੰਟ ਤੱਕ ਆਵਾਜਾਈ ਪ੍ਰਭਾਵਿਤ ਰਹੇਗੀ। ਪੁਲਿਸ ਨੇ ਆਮ ਲੋਕਾਂ ਨੂੰ ਸ਼ਾਮ 4:00 ਵਜੇ ਤੋਂ ਰਾਤ 8:30 ਵਜੇ ਤੱਕ ਇਨ੍ਹਾਂ ਸੜਕਾਂ 'ਤੇ ਨਾ ਜਾਣ ਦੀ ਸਲਾਹ ਦਿੱਤੀ ਹੈ।
ਸਮਾਗਮ ਦੀ ਰਿਹਰਸਲ ਬੀਤੇ ਕੱਲ੍ਹ ਸਵੇਰੇ 10:00 ਵਜੇ ਰੱਖੀ ਗਈ ਸੀ। ਗੇਟ ਨੰਬਰ 1 ਤੋਂ ਪ੍ਰਬੰਧਕੀ ਬਲਾਕ ਰਸਾਇਣ ਅਤੇ ਭੌਤਿਕ ਵਿਗਿਆਨ ਵਿਭਾਗ ਨੋ ਵਹੀਕਲ ਜ਼ੋਨ ਹੋਵੇਗਾ। ਇਹ ਗੇਟ ਸਿਰਫ਼ ਵੀ.ਵੀ.ਆਈ.ਪੀ. ਲਈ ਖੁੱਲ੍ਹਾ ਰਹੇਗਾ। ਇਹ ਗੇਟ ਦੁਪਹਿਰ 1 ਵਜੇ ਤੋਂ ਸ਼ਾਮ 7 ਵਜੇ ਤੱਕ ਆਮ ਲੋਕਾਂ ਲਈ ਬੰਦ ਰਹੇਗਾ।
ਜਦੋਂ ਕਿ ਗੇਟ ਨੰਬਰ 2 ਵੀਆਈਪੀ ਮਹਿਮਾਨਾਂ ਅਤੇ ਫੈਕਲਟੀ ਮੈਂਬਰਾਂ ਲਈ ਵੀ ਖੁੱਲ੍ਹਾ ਰਹੇਗਾ। ਇੱਥੋਂ ਵੀ ਆਮ ਲੋਕਾਂ ਨੂੰ ਐਂਟਰੀ ਨਹੀਂ ਦਿੱਤੀ ਜਾਵੇਗੀ। ਗੇਟ ਨੰਬਰ 3 ਆਮ ਜਨਤਾ ਲਈ ਸਵੇਰੇ 6:00 ਵਜੇ ਤੋਂ ਰਾਤ 10:00 ਵਜੇ ਤੱਕ ਖੁੱਲ੍ਹਾ ਰਹੇਗਾ।