ਚੰਡੀਗੜ੍ਹ, 6 ਮਾਰਚ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਬਹਾਦੁਰਗੜ੍ਹ 'ਚ ਮੰਗਲਵਾਰ ਰਾਤ ਆਪਣਾ ਜਨਮ ਦਿਨ ਮਨਾ ਕੇ ਵਾਪਸ ਪਰਤ ਰਹੇ ਨੌਜਵਾਨਾਂ ਦਾ ਮੋਟਰਸਾਈਕਲ ਪਿਕਅੱਪ ਗੱਡੀ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਸਕੇ ਭਰਾਵਾਂ ਸਮੇਤ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੈ। ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਚਾਰੋਂ ਇੱਕ ਹੀ ਮੋਟਰਸਾਈਕਲ 'ਤੇ ਸਵਾਰ ਸਨ।ਪੁਲਿਸ ਨੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਬਹਾਦਰਗੜ੍ਹ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ।
ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।ਮ੍ਰਿਤਕਾਂ ਦੀ ਪਛਾਣ ਅਜੀਤ, ਸੁਜੀਤ ਅਤੇ ਕਪਿਲ ਵਾਸੀ ਪਿੰਡ ਮੰਡੌਠੀ ਵਜੋਂ ਹੋਈ ਹੈ, ਜਦਕਿ ਮੋਹਿਤ ਦੇ ਗੰਭੀਰ ਸੱਟਾਂ ਲੱਗੀਆਂ ਹਨ।ਅਜੀਤ ਅਤੇ ਸੁਜੀਤ ਸਕੇ ਭਰਾ ਹਨ। ਦੋਵੇਂ ਮੂਲ ਰੂਪ 'ਚ ਬਿਹਾਰ ਦੇ ਰਹਿਣ ਵਾਲੇ ਹਨ, ਪਰ ਪਿਛਲੇ ਕਈ ਸਾਲਾਂ ਤੋਂ ਮੰਡੌਠੀ ਪਿੰਡ 'ਚ ਆਪਣੇ ਮਾਤਾ-ਪਿਤਾ ਨਾਲ ਰਹਿ ਰਹੇ ਸਨ। ਕਪਿਲ ਵੀ ਇਸੇ ਪਿੰਡ ਵਿੱਚ ਆਪਣੇ ਮਾਮੇ ਦੇ ਘਰ ਰਹਿੰਦਾ ਸੀ।