* ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਟੀਟਾ ਨੇ ਖੂਨ ਦੇ ਕੇ ਕੀਤੀ ਕੈਂਪ ਦੀ ਸ਼ੁਰੂਆਤ
ਚੰਡੀਗੜ੍ਹ, 25 ਫਰਵਰੀ, ਦੇਸ਼ ਕਲਿੱਕ ਬਿਓਰੋ
: ਸ਼ਹਿਰ ਦੇ ਸੈਕਟਰ 40 ਏ ਸਥਿਤ ਕਮਿਊਨਿਟੀ ਸੈਂਟਰ ਵਿਖੇ ਅੱਜ ਹਿਮਾਚਲ ਮਹਾਂ ਸਭਾ (ਰਜਿ: ਨੰ: 1992) ਚੰਡੀਗੜ੍ਹ, ਵਿਸ਼ਵਾਸ਼ ਫਾਊਂਡੇਸ਼ਨ ਅਤੇ ਬਲੱਡ ਬੈਂਕ ਸੈਕਟਰ-32 ਹਸਪਤਾਲ ਦੇ ਸਹਿਯੋਗ ਨਾਲ ਚੌਥੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2.30 ਵਜੇ ਤੱਕ ਆਯੋਜਿਤ ਕੀਤਾ ਗਿਆ, ਜਿਸ ਵਿਚ ਕੁੱਲ 40 ਯੂਨਿਟ ਖੂਨ ਇਕੱਤਰ ਕੀਤਾ ਗਿਆ।
ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਚੰਡੀਗੜ੍ਹ ਦੇ ਨਵਨਿਯੁਕਤ ਮੇਅਰ ਸ੍ਰੀ ਕੁਲਦੀਪ ਕੁਮਾਰ ਟੀਟਾ ਨੇ ਸ਼ਿਰਕਤ ਕੀਤੀ ਅਤੇ ਕੈਂਪ ਦਾ ਉਦਘਾਟਨ ਕੀਤਾ। ਉਹਨਾਂ ਤੋਂ ਇਲਾਵਾ ਇਲਾਕੇ ਦੇ ਮੋਹਤਬਰ ਸੱਜਣ ਸ੍ਰੀ ਵੀਰੇਂਦਰ ਰਾਵਤ, ਫੋਸਵਾ ਪ੍ਰਧਾਨ ਦਲਵਿੰਦਰ ਸਿੰਘ ਸੈਣੀ ਅਤੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਦੇ ਡਾਇਰੈਕਟਰ ਡਾ. ਅਸ਼ੋਕ ਕੁਮਾਰ ਅੱਤਰੀ ਨੇ ਵੀ ਵਿਸ਼ੇਸ਼ ਤੌਰ ਉਤੇ ਆਪਣੀ ਹਾਜ਼ਰੀ ਲਵਾਈ।
ਇਸ ਮੌਕੇ ਮੇਅਰ ਕੁਲਦੀਪ ਟੀਟਾ ਨੇ ਸਮਾਜ ਸੇਵਾ ਵਿਚ ਆਪਣਾ ਯੋਗਦਾਨ ਪਾਉਂਦਿਆਂ ਸਭ ਤੋਂ ਪਹਿਲਾਂ ਖੂਨ ਦੇ ਕੇ ਇਸ ਖੂਨਦਾਨ ਕੈਂਪ ਦੀ ਸ਼ੁਰੂਆਤ ਕੀਤੀ। ਉਹਨਾਂ ਕਿਹਾ ਕਿ ਖੂਨ ਦਾਨ ਇਕ ਮਹਾਂ ਦਾਨ ਹੈ, ਜਿਸ ਨਾਲ ਅਸੀਂ ਕਈ ਕੀਮਤੀ ਜਾਨਾਂ ਬਚਾਉਣ ਵਿਚ ਆਪਣਾ ਯੋਗਦਾਨ ਪਾ ਸਕਦੇ ਹਾਂ। ਉਹਨਾਂ ਹਿਮਾਚਲ ਮਹਾਂਸਭਾ ਵਲੋਂ ਕੀਤੇ ਇਸ ਉਪਰਾਲੇ ਦੀ ਵੀ ਸ਼ਲਾਘਾ ਕੀਤੀ।
ਇਸ ਕੈਂਪ ਵਿਚ ਡਾ. ਰਵਨੀਕ ਕੌਰ (ਹੈੱਡ ਸੈਕਟਰ 32 ਹਸਪਤਾਲ), ਡਾ. ਅਰਪਿਤਾ ਪਰਮਾਰ ਅਤੇ ਡਾ. ਨੀਤੂ ਚੌਹਾਨ ਦੀ ਟੀਮ ਵਲੋਂ ਖੂਨ ਇਕੱਠਾ ਕਰਨ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਅਤੇ ਖੂਨ ਦਾਨ ਕਰਨ ਵਾਲਿਆਂ ਨੂੰ ਇਸਦੀ ਮਹੱਤਤਾ ਬਾਰੇ ਜਾਗਰੂਕ ਕੀਤਾ।
ਇਸ ਮੌਕੇ ਉਤੇ ਹਿਮਾਚਲ ਮਹਾਂ ਸਭਾ ਦੇ ਪ੍ਰਧਾਨ ਪ੍ਰਿਥੀ ਸਿੰਘ ਪ੍ਰਜਾਪਤੀ, ਜਨਰਲ ਸਕੱਤਰ ਭਾਗੀਰੱਥ ਸ਼ਰਮਾ ਅਤੇ ਰਮੇਸ਼ ਸਾਹੋਰ, ਵਿੱਤ ਸਕੱਤਰ ਦੇਸ਼ ਰਾਜ ਚੌਧਰੀ, ਕਨਵੀਨਰ ਰਾਕੇਸ਼ ਬਾਰੋਟੀਆ ਤੇ ਕੇਸੀ ਵਰਮਾ ਤੋਂ ਇਲਾਵਾ ਸੈਕਟਰ ਅਤੇ ਇਲਾਕੇ ਦੀਆਂ ਹੋਰ ਸਖ਼ਸ਼ੀਅਤਾਂ ਹਾਜ਼ਰ ਸਨ।