ਚੰਡੀਗੜ੍ਹ, 23 ਫਰਵਰੀ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਵਿੱਚ ਅੱਜ ਤੋਂ 52ਵਾਂ ਰੋਜ਼ ਫੈਸਟੀਵਲ ਸ਼ੁਰੂ ਹੋ ਰਿਹਾ ਹੈ। ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਸਵੇਰੇ 11:00 ਵਜੇ ਇਸਦੀ ਸ਼ੁਰੂਆਤ ਕਰਨਗੇ। ਇੱਥੇ ਆਉਣ ਵਾਲੇ ਲੋਕਾਂ ਨੂੰ 829 ਕਿਸਮ ਦੇ ਗੁਲਾਬ ਦੇਖਣ ਨੂੰ ਮਿਲਣਗੇ।ਇੱਥੇ ਪਹੁੰਚਣ ਵਾਲੇ ਲੋਕ ਸ਼ਾਮ ਨੂੰ ਸੰਗੀਤਕ ਰਾਤ ਦਾ ਵੀ ਆਨੰਦ ਲੈ ਸਕਦੇ ਹਨ। ਰੋਜ਼ ਫੈਸਟੀਵਲ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਇਸ ਸਬੰਧੀ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਪੁਲਿਸ ਨੇ ਆਮ ਲੋਕਾਂ ਨੂੰ ਜਨਤਕ ਵਾਹਨਾਂ ਅਤੇ ਕਾਰ ਪੂਲਿੰਗ ਰਾਹੀਂ ਰੋਜ਼ ਫੈਸਟੀਵਲ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।
ਰੋਜ਼ ਫੈਸਟੀਵਲ ਦੇ ਤਿੰਨੋਂ ਦਿਨ ਸੰਗੀਤਕ ਰਾਤਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਵਿੱਚ ਪੰਜਾਬੀ ਅਤੇ ਬਾਲੀਵੁੱਡ ਗਾਇਕ ਲੋਕਾਂ ਦਾ ਮਨੋਰੰਜਨ ਕਰਨਗੇ। ਅੱਜ ਸ਼ਾਮ 5:30 ਵਜੇ ਗ਼ਜ਼ਲਾਂ ਦਾ ਪ੍ਰੋਗਰਾਮ ਹੋਵੇਗਾ।ਇਸ ਵਿੱਚ ਗਾਇਕ ਸੁਨੀਲ ਸਿੰਘ ਡੋਗਰਾ ਪਹੁੰਚਣਗੇ। ਕੱਲ੍ਹ 24 ਫਰਵਰੀ ਨੂੰ ਪੰਜਾਬੀ ਸੂਫੀ ਗਾਇਕ ਕੰਵਰ ਗਰੇਵਾਲ ਦੀ ਸੂਫੀ ਨਾਈਟ ਹੋਵੇਗੀ ਅਤੇ 25 ਫਰਵਰੀ ਨੂੰ ਪ੍ਰਸਿੱਧ ਗਾਇਕ ਅਭਿਲਿਪਸਾ ਪਾਂਡਾ ਦੀ ਮਿਊਜ਼ੀਕਲ ਨਾਈਟ ਹੋਵੇਗੀ। ਇਹ ਤਿੰਨੋਂ ਪ੍ਰੋਗਰਾਮ ਸੈਕਟਰ 16 ਸਥਿਤ ਰੋਜ਼ ਗਾਰਡਨ ਦੇ ਅੰਦਰ ਹੋਣਗੇ।