ਚੋਣ ਅਧਿਕਾਰੀ ਖਿਲਾਫ ਚਲੇਗਾ ਅਲੱਗ ਤੋਂ ਕੇਸ
ਨਵੀਂ ਦਿੱਲੀ, 19 ਫਰਵਰੀ, ਦੇਸ਼ ਕਲਿੱਕ ਬਿਓਰੋ :
ਚੰਡੀਗੜ੍ਹ ਮੇਅਰ ਚੋਣ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਚੰਡੀਗੜ੍ਹ ਮੇਅਰ ਦੀ ਚੋਣ ਮਾਮਲੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ, ਇਸ ਸਬੰਧੀ ਅਦਾਲਤ ਵਿੱਚ ਇਕ ਵੀਡੀਓ ਵੀ ਪੇਸ਼ ਕੀਤੀ ਗਈ ਸੀ। ਜਿਸ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ ਸਖਤ ਟਿੱਪਣੀ ਵੀ ਕੀਤੀ ਗਈ ਸੀ। ਅੱਜ ਅਦਾਲਤ ਵਿੱਚ ਚੋਣ ਅਧਿਕਾਰੀ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਬੈਲੇਟ ਪੇਪਰ ਉਤੇ ਕਰਾਸ ਨਿਸ਼ਾਨ ਲਗਾਏ ਸਨ।
ਸੁਪਰੀਮ ਕੋਰਟ ਵਿੱਚ ਅੱਜ ਪੇਸ਼ ਹੋਏ ਰਿਟਰਨਿੰਗ ਅਫਸਰ ਅਨਿਲ ਮਸੀਹ ਤੋਂ ਬੈਂਚ ਨੇ ਪੁੱਛਿਆ ਕਿ ਕੀ ਉਨ੍ਹਾਂ ਬੇਲਟ ਪੇਪਰ ਉਤੇ ਕਰਾਸ ਨਿਸ਼ਾਨ ਮਾਰਕ ਕੀਤਾ ਸੀ ਜਾਂ ਨਹੀਂ। ਇਸ ਗੱਲ ਨੂੰ ਲੈ ਕੇ ਰਿਟਰਨਿੰਗ ਅਫਸਰ ਰਹੇ ਅਨਿਲ ਮਸੀਹ ਨੇ ਕਬੂਲ ਕੀਤਾ ਕਿ ਉਨ੍ਹਾਂ ਅਜਿਹਾ ਕੀਤਾ ਸੀ, ਕਿਉਂਕਿ ਆਮ ਆਦਮੀ ਪਾਰਟੀ ਦੇ ਮੇਅਰ ਉਮੀਦਵਾਰ ਨੇ ਆ ਕੇ ਬੈਲੇਟ ਪੇਪਰ ਲੈ ਕੇ ਫਾੜੇ ਸਨ। ਇਸ ਉਤੇ ਬੈਂਚ ਨੇ ਪੁੱਛਿਆ ਪ੍ਰੰਤੁ ਆਫ ਕਰਾਸ ਕਿਉਂ ਲਗਾਇਆ ਸੀ, ਤਾਂ ਅਨਿਲ ਮਸੀਹ ਨੇ ਕਿਹਾ ਕਿ ਉਹ ਪੇਪਰ ਉਤੇ ਨਿਸ਼ਾਨ ਦੇਣ ਦੀ ਕੋਸ਼ਿਸ਼ ਕਰ ਰਹੇ ਸਨ।
ਬੈਂਚ ਨੇ ਰਾਏ ਦਿੱਤੀ ਕਿ ਮਸੀਹ ਵਿਰੁੱਧ ਚੋਣ ਪ੍ਰਕਿਰਿਆ ਵਿਚ ਦਖਲ ਦੇਣ ਦਾ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਨਵੇਂ ਸਿਰੇ ਤੋਂ ਚੋਣ ਕਰਵਾਉਣ ਦਾ ਹੁਕਮ ਦੇਣ ਦੀ ਬਜਾਏ ਉਹ ਮੌਜੂਦਾ ਬੈਲਟ ਦੇ ਆਧਾਰ 'ਤੇ ਕਿਸੇ ਨਿਰਪੱਖ ਪ੍ਰੀਜ਼ਾਈਡਿੰਗ ਅਫ਼ਸਰ ਦੁਆਰਾ ਵੋਟਾਂ ਦੀ ਗਿਣਤੀ ਕਰਨ ਦਾ ਹੁਕਮ ਦੇਵੇਗੀ। ਅਦਾਲਤ ਨੇ ਹਦਾਇਤ ਕੀਤੀ ਕਿ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਦੀ ਹਿਰਾਸਤ ਵਿੱਚ ਬੈਲਟ ਪੇਪਰਾਂ ਨੂੰ ਅਦਾਲਤ ਦੀ ਪੜਤਾਲ ਲਈ ਬੈਲਟ ਪੇਪਰਾਂ ਦੀ ਸੰਭਾਲ ਲਈ ਸਬੰਧਤ ਕਦਮਾਂ ਅਨੁਸਾਰ ਭਲਕੇ ਦੁਪਹਿਰ 2 ਵਜੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।
ਸੁਪਰੀਮ ਕੋਰਟ ਵਿੱਚ ਪੇਸ਼ ਹੋਏ ਸਾਲੀਸੀਟਰ ਜਨਰਲ ਤੁਸ਼ਾਰ ਮਹਿਤਾ ਨੇ ਮੰਨਿਆ ਕਿ ਉਨ੍ਹਾਂ ਮਾਰਕ ਲਗਾਇਆ ਹੈ। ਅਜਿਹੇ ਵਿੱਚ ਇਨ੍ਹਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਨੂੰ ਕਹਾਂਗੇ ਨਵੇਂ ਰਿਟਰਨਿੰਗ ਅਫਸਰ ਨੂੰ ਨਿਯੁਕਤ ਕਰੇ। ਅਸੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਜਨਰਲ ਨੂੰ ਕਹਾਂਗੇ ਕਿ ਇਸ ਨੂੰ ਮਨੀਟਰ ਕਰੇ। ਅਦਾਲਤ ਨੇ ਕਿਹਾ ਕਿ ਅਸੀਂ ਰਜਿਸਟਰਾਰ ਜਨਰਲ ਹਾਈਕੋਰਟ ਨੂੰ ਕਹਾਂਗੇ ਕਿ ਉਹ ਇਸ ਚੋਣ ਨਾਲ ਜੁੜੇ ਉਹ ਸਾਰੇ ਰਿਕਾਰਡ ਲੈ ਕੇ ਸਾਡੇ ਕੋਲ ਆਉਣ। ਅਸੀਂ ਮੰਗਲਵਾਰ ਨੂੰ ਇਸ ਮਾਮਲੇ ਵਿੱਚ ਸੁਣਵਾਈ ਕਰਾਂਗੇ। ਅਦਾਲਤ ਨੇ ਕਿਹਾ ਕਿ ਜੋ ਬੈਲੇਟ ਪੇਪਰ ਰਜਿਸਟਰ ਜਨਰਲ ਕੋਲ ਹਨ ਉਹ ਇਕ ਜੁਡੀਸ਼ੀਅਲ ਅਫਸਰ ਸਵੇਰੇ 10.30 ਵਜੇ ਸਾਡੇ ਕੋਲ ਲੈ ਕੇ ਆਉਣਗੇ।