ਹਰਦੇਵ ਚੌਹਾਨ
ਚੰਡੀਗੜ੍ਹ, 8 ਫਰਵਰੀ :
ਪੰਜਾਬ ਕਲਾ ਭਵਨ ਵਿਖੇ ਲੋਕ ਮੰਚ ਪੰਜਾਬ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕਾਵਿ ਮਹਿਫਲ ਸਜਾਈ ਗਈ ਜਿਸਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕੀਤੀ। ਮੁੱਖ ਮਹਿਮਾਨ ਵਜੋਂ ਡਾ. ਦੀਪਕ ਮਨਮੋਹਨ, ਵਿਸ਼ੇਸ਼ ਮਹਿਮਾਨ ਵਜੋਂ ਡਾ. ਮਨਮੋਹਨ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿਚ ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ, ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਅਤੇ ਲਾਟ ਭਿੰਡਰ ਵੀ ਸ਼ਾਮਲ ਹੋਏ।
ਡਾ. ਲਖਵਿੰਦਰ ਜੌਹਲ ਨੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਕਵਿਤਾ ਅਜੋਕੇ ਸਮੇਂ ਦੀ ਗਾਥਾ ਹੁੰਦੀ ਹੈ ਅਤੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਬੜੀ ਸਾਰਥਕ ਕਵਿਤਾ ਰਚੀ ਜਾ ਰਹੀ ਹੈ।
ਡਾ. ਦੀਪਕ ਮਨਮੋਹਨ ਨੇ ਕਿਹਾ ਕਿ ਖਿੜੇ ਮੌਸਮ ਵਾਂਗ ਪੰਜਾਬੀ ਕਵਿਤਾ ਵੀ ਖੂਬ ਖਿੜ੍ਹ ਕੇ ਸਾਹਮਣੇ ਆਈ ਹੈ।
ਅੱਜ ਦੀ ਕਾਵਿ ਮਹਿਫ਼ਲ ਸਜਾਉਣ ਲਈ ਲੋਕ ਮੰਚ ਪੰਜਾਬ ਵਧਾਈ ਦਾ ਪਾਤਰ ਹੈ।
ਵਿਸ਼ੇਸ਼ ਮਹਿਮਾਨ ਡਾ. ਮਨਮੋਹਨ ਨੇ ਕਿਹਾ ਕਿ ਕਵਿਤਾ ਸਮੇਂ ਦੀ ਅਵਾਜ਼ ਹੈ ਅਤੇ ਪੰਜਾਬੀ ਕਵਿਤਾ ਅੱਜ ਬਹੁਤ ਉਚੇ ਅਤੇ ਸੁੱਚੇ ਰਾਹ ਪੈ ਚੁੱਕੀ ਹੈ। ਸੁਰਿੰਦਰ ਸਿੰਘ ਸੁੰਨੜ ਹੋਰਾਂ ਨੇ ਵੀ ਇਸ ਬਾ-ਕਮਾਲ ਕਾਵਿ ਮਹਿਫ਼ਲ ਲਈ ਕਵੀਆਂ ਨੂੰ ਵਧਾਈ ਦਿੱਤੀ ਅਤੇ ਵਾਅਦਾ ਕੀਤਾ ਕਿ ਅਸੀਂ ਅਜਿਹੀਆਂ ਕਾਵਿ ਮਹਿਫਲਾਂ ਪੰਜਾਬ ਭਰ ’ਚ ਸਜਾਉਂਦੇ ਰਹਾਂਗੇ। ਦਰਸ਼ਨ ਬੁੱਟਰ ਨੇ ਆਖਿਆ ਕਿ ਪੰਜਾਬੀ ਕਲਮ ਬਹੁਤ ਤਕੜੀ ਅਤੇ ਬਹੁਤ ਸੱਚੀ ਵੀ, ਜਿਸ ਦਾ ਰੰਗ ਅੱਜ ਸਭ ਕਵੀਆਂ ਨੇ ਦਿਖਾਇਆ ਹੈ।
ਲਾਟ ਭਿੰਡਰ ਨੇ ਆਖਿਆ ਕਿ ਕਵਿਤਾ ਸਾਨੂੰ ਜਿਊਣ ਜੋਗਾ ਕਰਦੀ ਹੈ।
ਇਸ ਕਾਵਿ ਮਹਿਫ਼ਲ 'ਚ ਬਾਬੂ ਰਾਮ ਦੀਵਾਨਾ, ਗੁਰਮਿੰਦਰ ਸਿੱਧੂ, ਲਖਵਿੰਦਰ ਜੌਹਲ, ਸੁਸ਼ੀਲ ਦੁਸਾਂਝ, ਸੁਖਵਿੰਦਰ ਅੰਮਿ੍ਤ, ਸਿਰੀਰਾਮ ਅਰਸ਼, ਮਨਮੋਹਨ ਸਿੰਘ ਦਾਊਂ, ਦੀਪਕ ਸ਼ਰਮਾ ਚਨਾਰਥਲ, ਜਗਦੀਪ ਸਿੱਧੂ, ਗੁਰਨਾਮ ਕੰਵਰ, ਜੈਨਇੰਦਰ ਚੌਹਾਨ, ਕਾਹਨਾ ਸਿੰਘ, ਜਗਦੀਪ ਕੌਰ ਨੂਰਾਨੀ ਅਤੇ ਰਮਨ ਸੰਧੂ,
ਨਰਿੰਦਰ ਨਸਰੀਨ, ਬਲਕਾਰ ਸਿੱਧੂ, ਡਾ. ਲਾਭ ਸਿੰਘ ਖੀਵਾ, ਸੁਰਿੰਦਰ ਗਿੱਲ, ਹਰਵਿੰਦਰ ਸਿੰਘ, ਮਲਕੀਅਤ ਬਸਰਾ ਤੇ ਹਰਬੰਸ ਕੌਰ ਗਿੱਲ ਆਦਿ ਨੇ ਹਿੱਸਾ ਲਿਆ।
ਡਾ. ਮਨਮੋਹਨ ਤੇ ਦਰਸ਼ਨ ਬੁੱਟਰ ਨੇ ਵੀ ਆਪੋ ਆਪਣੀਆਂ ਨਜ਼ਮਾਂ ਅਤੇ ਕਵਿਤਾਵਾਂ ਪੇਸ਼ ਕਰਕੇ ਸਰੋਤਿਆਂ ਨੂੰ ਕੀਲਿਆ।
ਡਾ. ਹਰਜਿੰਦਰ ਸਿੰਘ ਅਟਵਾਲ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਮੰਚ ਪੰਜਾਬ ਲਖਵਿੰਦਰ ਜੌਹਲ ਅਤੇ ਸੁਰਿੰਦਰ ਸੁੰਨੜ ਦੀ ਅਗਵਾਈ ਹੇਠ ਕੇਂਦਰ ਪੰਜਾਬੀ ਲੇਖਕ ਸਭਾ ਨਾਲ ਮਿਲਕੇ ਅਜਿਹੀਆਂ ਸਾਹਿਤਕ ਸਭਾਵਾਂ ਦਾ ਆਯੋਜਨ ਕਰਦਾ ਰਹੇਗਾ।