ਪੁਲਿਸ ਨੇ ਧਰਨੇ ‘ਤੇ ਬੈਠੇ ਸੰਨੀ ਆਹਲੂਵਾਲੀਆ ਸਮੇਤ ਸਾਰੇ ਕੌਂਸਲਰ ਲਏ ਹਿਰਾਸਤ ‘ਚ
ਚੰਡੀਗੜ੍ਹ: 4 ਫਰਵਰੀ, ਦੇਸ਼ ਕਲਿੱਕ ਬਿਓਰੋ
ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਅੱਜ ਚੰਡੀਗੜ੍ਹ ਨਗਰ ਨਿਗਮ ਅੱਗੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਅੱਜ ਐਤਵਾਰ ਵਾਲੇ ਦਿਨ ਛੁੱਟੀ ਹੋਣ ਕਾਰਲ ਭਾਵੇਂ ਨਗਰ ਨਿਗਮ ਦਾ ਦਫਤਰ ਬੰਦ ਸੀ ਪਰ ਆਮ ਆਦਮੀ ਪਾਰਟੀ ਨੇ ਮੇਅਰ ਦੇ ਮਾਮਲੇ ਨੂੰ ਭਖਦਾ ਰੱਖਣ ਲਈ ਅੱਜ ਨਿਗਮ ਦੇ ਦਫਤਰ ਅੱਗੇ ਸੜਕ ‘ਤੇ ਧਰਨਾ ਲਾ ਦਿੱਤਾ ਗਿਆ। ਪਰ ਥੋੜੇ ਸਮੇਂ ਬਾਅਦ ਚੰਡੀਗੜ੍ਹ ਪੁਲੀਸ ਨੇ ਉਨ੍ਹਾਂ ਨੂੰ ਧਰਨਾ ਖਤਮ ਕਰਨ ਲਈ ਕਿਹਾ। ਪਰ ਆਮ ਆਦਮੀ ਦੇ ਕੌਂਸਲਰ, ਜਿੰਨ੍ਹਾਂ ਦੀ ਅਗਵਾਈ ਆਮ ਆਦਮੀ ਪਾਰਟੀ ਦੇ ਸਕੱਤਰ ਡਾ ਸੰਨੀ ਸਿੰਘ ਆਹਲੂਵਾਲੀਆ ਕਰ ਰਹੇ ਸਨ, ਧਰਨਾ ਲਾਉਣ ਲਈ ਬਜ਼ਿਦ ਰਹੇ। ਦੂਜੇ ਪਾਸੇ ਪੁਲਿਸ ਨੇ ਧਰਨਾਕਾਰੀਆਂ ਦੀ ਖਿੱਚ ਧੂਹ ਕਰਕੇ ਉਨ੍ਹਾ ਨੂੰ ਗੱਡੀ ‘ਚ ਬਿਠਾਉਣਾ ਸ਼ੁਰੂ ਕਰ ਦਿੱਤਾ। ਪੁਲਸ ਨੇ ਸਾਰੇ ਧਰਨਾਕਾਰੀਆਂ ਨੂੰ ਹਿਰਾਸਤ ‘ਚ ਲੈ ਲਿਆ। ਇਸ ਦੌਰਾਨ ਬਹੁਤ ਸਾਰੇ ਕੌਂਸਲਰਾਂ ਦੀਆ ਪੱਗਾ ਲਾਹ ਦਿੱਤੀਆਂ ਗਈਆਂ ਤੇ ਲੇਡੀ ਕੌਂਸਲਰਾਂ ਦੀ ਖਿੱਚ ਧੂਹ ਕੀਤੀ ਗਈ।
ਇਸ ਤੋਂ ਪਹਿਲਾਂ ਡਾ ਸੰਨੀ ਸਿੰਘ ਲਾਹਲੂਵਾਲੀਆ ਨੇ ਪੱਤਰਕਾਰਾਂ ਨਾਲ ਗ਼ਲਬਾਤ ਕਰਦਿਆਂ ਕਿਹਾ ਕਿ ਜਿੰਨਾ ਚਿਰ ਤੱਕ ਭਾਜਪਾ ਵੱਲੋਂ ਚੋਰੀ ਕੀਤੀਆਂ ਵੋਟਾਂ ਨਾਲ ਬਣਾਏ ਨਕਲੀ ਮੇਅਰ ਨੂੰ ਨਹੀਂ ਹਟਾਇਆ ਜਾਂਦਾ, ਆਮ ਆਦਮੀ ਪਾਰਟੀ ਧਰਨਾ ਜਾਰੀ ਰੱਖੇਗੀ। ਉਨ੍ਹਾਂ ਅੱਗੇ ਦੱਸਿਆ ਕਿ ਕੱਲ੍ਹ ਨੂੰ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਹੋ ਰਹੀ ਹੈ ਜਿਸ ਵਿੱਚ ਭਾਜਪਾ ਨੂੰ ਮੂੰਹ ਦੀ ਖਾਣੀ ਪੈ ਸਕਦੀ ਹੈ। ਇਸੇ ਦੌਰਾਨ ਚੰਡੀਗੜ੍ਹ ਪੁਲਿਸ ਸਾਰੇ ਧਰਨਾਕਾਰੀਆਂ ਨੂੰ ਸੈਕਟਰ 17 ਦੇ ਪੁਲਿਸ ਥਾਣੇ ਵਿੱਚ ਬੰਦ ਕਰ ਦਿੱਤਾ ਹੈ।