ਚੰਡੀਗੜ੍ਹ, 18 ਜਨਵਰੀ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਨੂੰ ਅੱਜ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਮਿਲ ਜਾਣਗੇ। ਸਿੱਧਾ ਮੁਕਾਬਲਾ ਕਾਂਗਰਸ-ਆਪ ਗਠਜੋੜ ਅਤੇ ਭਾਜਪਾ ਵਿਚਾਲੇ ਹੈ। ਗਠਜੋੜ ਕੋਲ ਜਿੱਤ ਦੇ ਅੰਕੜੇ ਹਨ ਪਰ ਭਾਜਪਾ ਦਾ ਦਾਅਵਾ ਹੈ ਕਿ ਉਹ ਮੇਅਰ ਬਣਾਏਗੀ। ਸੁਰੱਖਿਆ ਲਈ 500 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਤਿੰਨੋਂ ਪਾਰਟੀਆਂ ਨੇ ਆਪਣੇ ਵਰਕਰਾਂ ਨੂੰ ਨਗਰ ਨਿਗਮ ਦਫ਼ਤਰ ਦੇ ਬਾਹਰ ਬੁਲਾ ਲਿਆ ਹੈ। ਅੱਜ ਦੀ ਚੋਣ ਹਾਈਕੋਰਟ ਦੀ ਸੁਰੱਖਿਆ ਅਧੀਨ ਹੋ ਰਹੀ ਹੈ ਅਤੇ ਚੋਣ ਦੀ ਵੀਡੀਓਗ੍ਰਾਫੀ ਵੀ ਹੋਵੇਗੀ।
ਭਾਜਪਾ ਨੂੰ ਹਰਾਉਣ ਲਈ ਪਹਿਲੀ ਵਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਇਕੱਠੇ ਹੋਣ ਦਾ ਫੈਸਲਾ ਕੀਤਾ ਹੈ। ਗਠਜੋੜ ਦੇ ਮੇਅਰ ਉਮੀਦਵਾਰ ਕੁਲਦੀਪ ਟੀਟਾ ਹਨ। ਜਦਕਿ ਭਾਜਪਾ ਨੇ ਮਨੋਜ ਸੋਨਕਰ ਨੂੰ ਮੈਦਾਨ 'ਚ ਉਤਾਰਿਆ ਹੈ। ਮੇਅਰ ਦੇ ਨਾਲ-ਨਾਲ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਵੀ ਹੋਣਗੀਆਂ। ਭਾਜਪਾ ਨੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕੁਲਜੀਤ ਸਿੰਘ ਸੰਧੂ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਰਾਜਿੰਦਰ ਸ਼ਰਮਾ ਨੂੰ ਮੈਦਾਨ ਵਿਚ ਉਤਾਰਿਆ ਹੈ, ਜਦਕਿ ਗਠਜੋੜ ਨੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਦੇ ਗੁਰਪ੍ਰੀਤ ਸਿੰਘ ਗਾਬੀ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਦੀ ਨਿਰਮਲਾ ਦੇਵੀ ਨੂੰ ਮੈਦਾਨ ਵਿਚ ਉਤਾਰਿਆ ਹੈ। ਮੇਅਰ ਚੋਣ ਵਿੱਚ ਜਿੱਤ ਦਾ ਅੰਕੜਾ 19 ਹੈ। ਇਸ ਸਮੇਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਗਠਜੋੜ ਕੋਲ ਕੁੱਲ 20 ਵੋਟਾਂ ਹਨ। ਭਾਜਪਾ ਕੋਲ ਸੰਸਦ ਮੈਂਬਰ ਕਿਰਨ ਖੇਰ ਦੀ ਵੋਟ ਸਮੇਤ ਕੁੱਲ 15 ਵੋਟਾਂ ਹਨ। ਜੇਕਰ ਵੀਰਵਾਰ ਨੂੰ ਕੋਈ ਉਲਟਫੇਰ ਨਾ ਹੋਇਆ ਤਾਂ ਗਠਜੋੜ ਦਾ ਮੇਅਰ ਬਣਨਾ ਤੈਅ ਹੈ। ਚੋਣਾਂ ਦੇ ਐਲਾਨ ਤੋਂ ਬਾਅਦ ਤੋਂ ਹੀ ਆਮ ਆਦਮੀ ਪਾਰਟੀ ਦੇ ਕੌਂਸਲਰ ਰੋਪੜ ਦੇ ਕਿੱਕਰ ਰਿਜ਼ੋਰਟ ਵਿੱਚ ਹਨ। ਕਾਂਗਰਸੀ ਕੌਂਸਲਰ ਵੀ ਬਾਹਰ ਹਨ। ਕੋਈ ਵੀ ਆਪਣੇ ਕੌਂਸਲਰਾਂ ਨੂੰ ਟੁੱਟਣ ਨਹੀਂ ਦੇਣਾ ਚਾਹੁੰਦਾ, ਇਸ ਲਈ ਚੋਣ ਲਈ ਸਾਰੇ ਪੁਲੀਸ ਸੁਰੱਖਿਆ ਹੇਠ ਸਿੱਧੇ ਨਗਰ ਨਿਗਮ ਪੁੱਜਣਗੇ।