ਚੰਡੀਗੜ੍ਹ, 21 ਦਸੰਬਰ, ਦੇਸ਼ ਕਲਿਕ ਬਿਊਰੋ :
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਲਕੇ ਚੰਡੀਗੜ੍ਹ ਆ ਰਹੇ ਹਨ। ਅੱਜ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਫੇਰੀ ਸਬੰਧੀ ਰਿਹਰਸਲ ਕੀਤੀ ਜਾਵੇਗੀ। ਇਸ ਦੌਰਾਨ ਕਈ ਸੜਕਾਂ ਨੂੰ ਬੰਦ ਰੱਖਿਆ ਜਾਵੇਗਾ। ਰਿਹਰਸਲ ਅੱਜ ਦੁਪਹਿਰ 1 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਇਸ ਦੌਰਾਨ ਰਾਜਿੰਦਰਾ ਪਾਰਕ ਸੈਕਟਰ 2 ਅਤੇ 3 ਦੇ ਛੋਟਾ ਚੌਕ ਤੋਂ ਲੈ ਕੇ ਸੁਖਨਾ ਝੀਲ ਵਰਗੇ ਪੁਆਇੰਟ ਤੱਕ ਉੱਤਰੀ ਸੜਕ ’ਤੇ ਰਸਤਾ ਬੰਦ ਰਹੇਗਾ। ਇਸ ਤੋਂ ਇਲਾਵਾ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਲਾਈਟ ਪੁਆਇੰਟ ਤੋਂ ਸੰਤ ਕਬੀਰ ਸਕੂਲ ਲਾਈਟ ਪੁਆਇੰਟ ਤੱਕ ਇਹ ਸੜਕ ਆਮ ਲੋਕਾਂ ਲਈ ਬੰਦ ਰਹੇਗੀ। ਚੰਡੀਗੜ੍ਹ ਟਰੈਫਿਕ ਪੁਲੀਸ ਨੇ ਲੋਕਾਂ ਨੂੰ ਇਸ ਰਸਤੇ ’ਤੇ ਨਾ ਆਉਣ ਦੀ ਸਲਾਹ ਦਿੱਤੀ ਹੈ। ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਚੰਡੀਗੜ੍ਹ 'ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਡੀਐਸਪੀ, ਇੰਸਪੈਕਟਰ ਸਮੇਤ 3 ਹਜ਼ਾਰ ਪੁਲਿਸ ਮੁਲਾਜ਼ਮ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪੈਰਾ ਮਿਲਟਰੀ ਫੋਰਸ, ਆਈਟੀਬੀਪੀ, ਇੰਟੈਲੀਜੈਂਸ ਅਤੇ ਸੀਆਈਡੀ ਵਿੰਗਾਂ ਦੇ ਅਧਿਕਾਰੀ ਵੀ ਤਾਇਨਾਤ ਕੀਤੇ ਗਏ ਹਨ। ਗ੍ਰਹਿ ਮੰਤਰੀ ਸ਼ਾਹ ਸੈਕਟਰ-26 ਸਥਿਤ ਚੰਡੀਗੜ੍ਹ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਤੋਂ 375 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ 44 ਏ.ਐਸ.ਆਈਜ਼ ਅਤੇ 700 ਨਵ-ਨਿਯੁਕਤ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ। ਇਸ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਗ੍ਰਹਿ ਮੰਤਰੀ ਦਾ ਪ੍ਰੋਗਰਾਮ ਦੁਪਹਿਰ ਦਾ ਹੈ। ਉਹ ਕਰੀਬ 3 ਘੰਟੇ ਸ਼ਹਿਰ 'ਚ ਰੁਕਣਗੇ।