ਚੰਡੀਗੜ੍ਹ, 1 ਦਸੰਬਰ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਵਿੱਚ ਅੱਜ ਤੋਂ ਦੋਪਹੀਆ ਵਾਹਨਾਂ ਦੀ ਪਾਰਕਿੰਗ ਮੁਫ਼ਤ ਹੋ ਜਾਣੀ ਸੀ। ਇਹ ਐਲਾਨ ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਨੇ ਦੀਵਾਲੀ ਮੌਕੇ ਕੀਤਾ ਸੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ 1 ਦਸੰਬਰ ਤੋਂ ਦੋਪਹੀਆ ਵਾਹਨਾਂ ਦੀ ਪਾਰਕਿੰਗ ਮੁਫ਼ਤ ਕਰਨ ਦਾ ਐਲਾਨ ਕੀਤਾ ਸੀ।ਬੀਤੇ ਦਿਨੀਂ ਨਗਰ ਨਿਗਮ ਦੀ ਮੀਟਿੰਗ ਵਿੱਚ ਦੋਪਹੀਆ ਵਾਹਨਾਂ ਅਤੇ ਇਲੈਕਟ੍ਰਿਕ ਵਾਹਨਾਂ ਨੂੰ ਮੁਫ਼ਤ ਪਾਰਕਿੰਗ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਪਾਰਕਿੰਗ ਨੀਤੀ ਨੂੰ ਲੈ ਕੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਵੀ ਇਤਰਾਜ਼ ਉਠਾਇਆ ਸੀ।ਪਰ ਚੰਡੀਗੜ੍ਹ ਦੀ ਨਵੀਂ ਪਾਰਕਿੰਗ ਨੀਤੀ ਸਬੰਧੀ ਨਗਰ ਨਿਗਮ ਦੀ ਮੀਟਿੰਗ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਇਸ ਕਾਰਨ ਅੱਜ ਤੋਂ ਦੋਪਹੀਆ ਵਾਹਨਾਂ ਦੀ ਪਾਰਕਿੰਗ ਮੁਫਤ ਹੋ ਜਾਵੇਗੀ। ਹੁਣ ਤੱਕ ਚੰਡੀਗੜ੍ਹ ਦੀਆਂ ਸਾਰੀਆਂ ਪਾਰਕਿੰਗਾਂ ਵਿੱਚ ਦੋਪਹੀਆ ਵਾਹਨਾਂ ਤੋਂ 7 ਰੁਪਏ ਪ੍ਰਤੀ ਐਂਟਰੀ ਲਈ ਜਾਂਦੀ ਸੀ।ਨਗਰ ਨਿਗਮ ਵੱਲੋਂ ਪਾਸ ਕੀਤੀ ਸਮਾਰਟ ਪਾਰਕਿੰਗ ਨੀਤੀ ਤਹਿਤ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਤੋਂ ਇਲਾਵਾ ਬਾਹਰੋਂ ਆਉਣ ਵਾਲੇ ਵਾਹਨਾਂ ਤੋਂ ਦੁੱਗਣੀ ਪਾਰਕਿੰਗ ਫੀਸ ਵਸੂਲਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਸੀ। ਜਿਸ 'ਤੇ ਸਲਾਹਕਾਰ ਕੌਂਸਲ ਦੀ ਮੀਟਿੰਗ 'ਚ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਇਸ ਪ੍ਰਸਤਾਵ ਨੂੰ ਵਾਪਸ ਲੈਣ ਦੇ ਨਿਰਦੇਸ਼ ਦਿੱਤੇ ਸਨ। ਪਰ ਅਜੇ ਤੱਕ ਨਗਰ ਨਿਗਮ ਵਿੱਚ ਇਸ ਸਬੰਧੀ ਕੋਈ ਤਜਵੀਜ਼ ਨਹੀਂ ਲਿਆਂਦੀ ਗਈ। ਇਸ ਲਈ ਦੁੱਗਣੀ ਫੀਸ ਵਸੂਲਣ ਦਾ ਫੈਸਲਾ ਅਜੇ ਵਾਪਸ ਨਹੀਂ ਲਿਆ ਗਿਆ ਹੈ। ਦੂਜੇ ਪਾਸੇ ਅਜੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਮਿਸ਼ਨਰ ਵੱਲੋਂ ਹਰੀ ਝੰਡੀ ਨਾ ਮਿਲਣ ਕਾਰਨ ਮੁਫਤ ਪਾਰਕਿੰਗ ਦਾ ਮਸਲਾ ਅਟਕ ਸਕਦਾ ਹੈ।