ਬੂਥਗੜ੍ਹ, 5 ਜੂਨ (ਦੇਸ਼ ਕਲਿੱਕ ਬਿਓਰੋ):
ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਵਿਖੇ ਵਿਸ਼ਵ ਵਾਤਾਵਰਣ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਵਾਤਾਵਰਣ ਦਿਵਸ ਮਨਾਉਣ ਲਈ ਇਸ ਸਾਲ ਦਾ ਵਿਸ਼ਾ "ਵਾਤਾਵਰਣ ਪ੍ਰਣਾਲੀ ਬਹਾਲੀ" ਹੈ ਜੋ ਜੰਗਲਾਂ, ਪਹਾੜਾਂ ਅਤੇ ਸਮੁੰਦਰਾਂ ਵਿਚ ਮਨੁੱਖੀ ਗਤੀਵਿਧੀਆਂ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਣ ਅਤੇ ਵਾਤਾਵਰਣ ਨੂੰ ਪੁਨਰਜੀਵਤ ਕਰਨ 'ਤੇ ਕੇਂਦ੍ਰਤ ਹੈ।
ਇਸ ਮੌਕੇ ਐਸ.ਐਮ.ਓ. ਡਾ. ਜਸਕਿਰਨਦੀਪ ਕੌਰ ਅਤੇ ਕਾਇਆਕਲਪ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਅਰੁਣ ਬਾਂਸਲ ਦੀ ਦੇਖ-ਰੇਖ ਹੇਠ ਹਸਪਤਾਲ ਵਿਚ ਪੌਦੇ ਲਾਏ ਗਏ। ਡਾ.ਜਸਕਿਰਨਦੀਪ ਕੌਰ ਨੇ ਕਿਹਾ ਕਿ “ਜਨਤਾ ਦੀ ਭਾਗੀਦਾਰੀ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਨਵੀਨ ਉਪਾਵਾਂ ਦੀ ਚੋਣ ਕਰਕੇ ਅਸੀਂ ਵਾਤਾਵਰਣ ਪ੍ਰਣਾਲੀ ਦੀ ਬਹਾਲੀ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਾਂ।” ਸਾਡੇ ਆਲੇ-ਦੁਆਲੇ ਵੱਧ ਤੋਂ ਵੱਧ ਰੁੱਖ ਲਗਾਉਣ, ਆਸਪਾਸ ਦੇ ਇਲਾਕਿਆਂ ਵਿਚ ਸਫਾਈ ਦੀਆਂ ਗਤੀਵਿਧੀਆਂ, ਘੱਟ ਪਾਣੀ ਦੀ ਵਰਤੋਂ, ਊਰਜਾ-ਕੁਸ਼ਲ ਉਪਕਰਣਾਂ ਦੀ ਵਰਤੋਂ ਕਰਕੇ ਸਾਡੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਫਿਰ ਤੋਂ ਤਾਜ਼ਾ ਕੀਤਾ ਜਾ ਸਕਦਾ ਹੈ। ਇਸ ਮਹਾਂਮਾਰੀ ਦੇ ਦੌਰ ਵਿਚ, ਦੁਨੀਆ ਭਰ ਦੇ ਲੋਕਾਂ ਨੇ ਆਕਸੀਜਨ ਦੀ ਘਾਟ ਵੇਖੀ ਹੈ ਅਤੇ ਰੁੱਖ ਆਕਸੀਜਨ ਦਾ ਕੁਦਰਤੀ ਤੋਹਫ਼ਾ ਹਨ, ਜਿਸ ਨੂੰ ਕਿ ਅਸੀਂ ਭੁੱਲ ਜਾਂਦੇ ਹਾਂ।’ ਉਨ੍ਹਾਂ ਕਿਹਾ ਕਿ ਇਸ ਵਾਤਾਵਰਣ ਦਿਵਸ ਤੇ ਸਾਨੂੰ ਰਵਾਇਤੀ ਢੰਗ ਨਾਲ ਖਪਤ ਕਰਨ ਵਾਲੇ ਸਾਧਨਾਂ ਵੱਲ ਵਾਪਸ ਮੁੜਨ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਧ ਤੋਂ ਵੱਧ ਸਰੋਤ ਛੱਡ ਸਕੀਏ। ਕੁਦਰਤ ਨੂੰ ਧਿਆਨ ਵਿਚ ਰੱਖਦੇ ਹੋਏ ਵਿਕਾਸ ਨੂੰ ਪ੍ਰਾਪਤ ਕਰਨ ਦਾ ਟੀਚਾ ਸਾਡੀ ਦ੍ਰਿੜਤਾ ਅਤੇ ਵਚਨਬੱਧਤਾ ਤੇ ਨਿਰਭਰ ਕਰਦਾ ਹੈ ਤਾਂ ਜੋ ਦੇਸ਼ ਵਿਚ ਦਰਿਆਵਾਂ, ਪਹਾੜਾਂ ਅਤੇ ਦਰੱਖਤਾਂ ਦੇ ਨੁਕਸਾਨ ਨੂੰ ਰੋਕਿਆ ਜਾ ਸਕੇ। ਇਸ ਮੌਕੇ ਡਾ.ਹਰਮਨ ਮਾਹਲ, ਡਾ. ਸਿਮਰਨ, ਡਾ. ਰੋਹਿਣੀ, ਡਾ. ਪ੍ਰਿਯੰਕਾ, ਡਾ. ਵਿਕਾਸ, ਡਾ. ਸੁਬਿਨ, ਡਾ. ਸਨਜੋਤ ਸਿੰਘ, ਐਸ.ਆਈ. ਗੁਰਤੇਜ ਸਿੰਘ, ਸਵਰਨ ਸਿੰਘ, ਕਮਲੇਸ਼ ਕੌਰ, ਤਰਨਜੀਤ ਕੌਰ, ਕਮਲਜੀਤ ਕੌਰ, ਕੁਲਦੀਪ ਕੌਰ, ਗੁਰਪ੍ਰੀਤ ਸਿੰਘ, ਪ੍ਰਿਤਪਾਲ ਸਿੰਘ, ਰਵਿੰਦਰ ਕੌਰ, ਸਨੇਹ ਲਤਾ, ਜਸਵੀਰ ਕੌਰ, ਗੁਰਪ੍ਰੀਤ ਸਿੰਘ, ਭੁਪਿੰਦਰ ਕੌਰ, ਸਤਨਾਮ ਸਿੰਘ, ਜਸਪ੍ਰੀਤ, ਨੇਹਾ, ਸੁਰਜੀਤ, ਸਤਬੀਰ ਕੌਰ, ਅਕਵਿੰਦਰ ਆਦਿ ਮੌਜੂਦ ਸਨ।