ਮੋਹਾਲੀ, 1 ਜੂਨ, ਦੇਸ਼ ਕਲਿੱਕ ਬਿਊਰੋ :
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਅੱਜ ਮੁੱਖ ਦਫ਼ਤਰ ਵਿਖੇ “ਮਿਹਨਤ ਦੇ ਨਾਲ ਖਿੜਦਾ ਫੁੱਲ ਗੁਲਾਬ ਦਾ, ਮਹਿਕਾਂ ਵੰਡੇ ਸਮਾਰਟ ਸਕੂਲ ਪੰਜਾਬ ਦਾ" ਗੀਤ ਰਿਲੀਜ਼ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀ ਅਗਵਾਈ ਅਧੀਨ ਅਧਿਆਪਕਾਂ ਵੱਲੋਂ ਵੱਖ-ਵੱਖ ਢੰਗਾਂ ਨਾਲ ਸਿੱਖਿਆ ਦੇ ਵਿਕਾਸ ਲਈ ਯਤਨ ਕੀਤੇ ਜਾ ਰਹੇ ਹਨ। ਇਹਨਾਂ ਯਤਨਾਂ ਵਿੱਚ ਰਾਜੇਸ਼ ਕੁਮਾਰ ਐੱਸ.ਐੱਸ. ਮਾਸਟਰ ਸਰਕਾਰੀ ਮਿਡਲ ਸਮਾਰਟ ਸਕੂਲ ਬੁੰਗਲ ਵੱਲੋਂ ਲਿਖਿਆ ਤੇ ਗਾਇਆ ਗੀਤ ਸਿੱਖਿਆ ਸਕੱਤਰ ਵੱਲੋਂ ਜਾਰੀ ਕੀਤਾ ਗਿਆ ਹੈ। ਉਹਨਾਂ ਗੀਤਕਾਰ ਅਧਿਆਪਕ ਦੇ ਇਸ ਉੱਦਮ ਦੀ ਸਰਾਹਨਾ ਕਰਦਿਆਂ ਹੌਸਲਾ ਅਫ਼ਜ਼ਾਈ ਕੀਤੀ।
ਇਸ ਗੀਤ ਵਿੱਚ ਗੀਤਕਾਰ ਅਧਿਆਪਕ ਵੱਲੋਂ ਸਰਕਾਰੀ ਸਮਾਰਟ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਵਰਨਣ ਕੀਤਾ ਗਿਆ ਹੈ। ਰਾਜੇਸ਼ ਕੁਮਾਰ ਦੇ ਨਾਲ-ਨਾਲ ਇਸ ਗੀਤ ਵਿੱਚ ਰਘਬੀਰ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਧਾਨੀ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਬਾਖ਼ੂਬੀ ਪੇਸ਼ਕਾਰੀ ਕੀਤੀ ਹੈ।
ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਸਮੇਂ ਵਿੱਚ ਸਿੱਖਿਆ ਵਿਭਾਗ ਵੱਲੋਂ ਸਰਕਾਰ ਤੇ ਸਮਾਜ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੀ ਕਾਇਆਕਲਪ ਕੀਤੀ ਗਈ ਹੈ। ਸਰਕਾਰੀ ਸਮਾਰਟ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਨਾਲ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਹੁਣ ਸਰਕਾਰੀ ਸਕੂਲ ਐੱਲ. ਈ. ਡੀਜ਼/ ਪ੍ਰਾਜੈਕਟਰਾਂ ਨਾਲ ਸੁਸੱਜਿਤ ਹੋ ਚੁੱਕੇ ਹਨ। ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸੁਵਿਧਾਵਾਂ ਅਤੇ ਗੁਣਵੱਤਾ ਭਰਪੂਰ ਸਿੱਖਿਆ ਬਾਰੇ ਇਸ ਗੀਤ ਵਿੱਚ ਬਾਖ਼ੂਬੀ ਵਰਨਣ ਕੀਤਾ ਗਿਆ ਹੈ।
ਇਸ ਮੌਕੇ ਪ੍ਰਮੋਦ ਭਾਰਤੀ ਸਪੋਕਸਪਰਸਨ, ਮਨਦੀਪ ਸਿੰਘ, ਰਾਜਿੰਦਰ ਸਿੰਘ ਚਾਨੀ, ਪਵਿੱਤਰ ਸਿੰਘ, ਬਲਕਾਰ ਅੱਤਰੀ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਪਠਾਨਕੋਟ, ਮਨਿੰਦਰ ਸਿੰਘ ਪ੍ਰਧਾਨ ਸ਼ਹੀਦ ਭਗਤ ਸਿੰਘ ਪੰਜਾਬ ਅਧਿਆਪਕ ਵਿਦਿਆਰਥੀ ਭਲਾਈ ਮੰਚ ਪਠਾਨਕੋਟ ਨੇ ਅਧਿਆਪਕ ਗੀਤਕਾਰ ਨੂੰ ਵਧਾਈ ਦਿੱਤੀ।