ਚੰਡੀਗੜ੍ਹ, 20 ਅਗਸਤ, ਦੇਸ਼ ਕਲਿੱਕ ਬਿਓਰੋ :
ਸਥਾਨਕ ਸੈਕਟਰ 40 ਏ ਸਥਿਤ ਕਮਿਊਨਿਟੀ ਸੈਂਟਰ ਵਿਖੇ ਮੁਟਿਆਰਾਂ ਅਤੇ ਔਰਤਾਂ ਵੱਲੋਂ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ 40ਡੀ ਦੀਆਂ ਮੁਟਿਆਰਾਂ ਅਤੇ ਔਰਤਾਂ ਵੱਲੋਂ ਬਕਾਇਦਾ ਸਜਾਵਟ ਕੀਤੀ ਗਈ ਅਤੇ ਪੀਂਘਾਂ ਵੀ ਪਾਈਆਂ ਗਈਆਂ। ਇਸ ਮੌਕੇ ਰਵਾਇਤੀ ਚੀਜ਼ਾਂ ਚਰਖੇ, ਮੰਜੇ, ਪੀੜੀਆਂ ਅਤੇ ਪੱਖੀਆਂ ਦਾ ਵੀ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੁਟਿਆਰਾਂ ਨੇ ਗਿੱਧਾ ਪਾ ਕੇ ਖੂਬ ਜਸ਼ਨ ਮਨਾਇਆ।
ਇਸ ਤੀਆਂ ਤੀਜ ਦੀਆਂ ਸਮਾਗਮ ਵਿਚ ਇਲਾਕਾ ਕੌਂਸਲਰ ਅਤੇ ਸਾਬਕਾ ਡਿਪਟੀ ਮੇਅਰ ਮੈਡਮ ਗੁਰਬਖ਼ਸ਼ ਰਾਵਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਦਰਸਾਉਂਦਾ, ਇਹ ਤਿਉਹਾਰ ਬੜੇ ਉਤਸ਼ਾਹ ਨਾਲ ਪੰਜਾਬ ਭਰ ਵਿੱਚ ਪੰਜਾਬਣ ਮੁਟਿਆਰਾਂ ਵੱਲੋਂ ਬੜੇ ਹੀ ਚਾਵਾਂ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਉਣ ਮਹੀਨੇ ਵਿੱਚ ਕੁੜੀਆਂ ਮਹਿੰਦੀ ਲਗਾਉਂਦੀਆਂ ਹਨ। ਸਾਉਣ ਦਾ ਮਹੀਨਾ ਪੰਜਾਬੀ ਸੱਭਿਆਚਾਰ ਵਿੱਚ ਖ਼ਾਸ ਮਹੱਤਵਪੂਰਨ ਸਥਾਨ ਰੱਖਦਾ ਹੈ । ਇਸ ਮੌਕੇ ਰਜਨੀ, ਪੂਜਾ, ਆਂਚਲ, ਐਨੀ, ਮੀਨੂ ਤੇ ਸੈਕਟਰ ਦੀ ਹੋਰ ਮਹਿਲਾਵਾਂ ਨੇ ਪੂਰੇ ਜੋਸ਼ ਨਾਲ ਇਹ ਤਿਉਹਾਰ ਮਨਾਇਆ। ਇਸ ਮੌਕੇ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।