ਪੁਲਿਸ 'ਤੇ ਵੀ ਕੀਤਾ ਗਿਆ ਪਥਰਾਅ, ਦੋ ਵਿਅਕਤੀਆਂ ਦੀ ਮੌਤ ਕਈ ਜਖਮੀ, ਤਿੰਨ ਦਰਜਨ ਤੋਂ ਵੱਧ ਵਾਹਨਾਂ ਨੂੰ ਅੱਗ ਲਗਾਈ
ਜ਼ਿਲ੍ਹੇ ਦੀਆਂ ਹੱਦਾਂ ਸੀਲ,ਇੰਟਰਨੈੱਟ ਬੰਦ,ਧਾਰਾ 144 ਲਾਗੂ
ਚੰਡੀਗੜ੍ਹ,31 ਜੁਲਾਈ,ਦੇਸ਼ ਕਲਿਕ ਬਿਊਰੋ:
ਹਰਿਆਣਾ ਦੇ ਨੂਹ 'ਚ ਅੱਜ ਸੋਮਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਮਾਤਰਸ਼ਕਤੀ ਦੁਰਗਾ ਵਾਹਿਨੀ ਵੱਲੋਂ ਕੱਢੀ ਜਾ ਰਹੀ ਬ੍ਰਜਮੰਡਲ ਯਾਤਰਾ ਦੌਰਾਨ ਹੰਗਾਮਾ ਹੋਇਆ। ਦੋ ਗਰੁੱਪਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਤਿੰਨ ਦਰਜਨ ਤੋਂ ਵੱਧ ਵਾਹਨਾਂ ਨੂੰ ਅੱਗ ਲਾ ਦਿੱਤੀ ਗਈ। ਪੁਲਿਸ 'ਤੇ ਵੀ ਪਥਰਾਅ ਕੀਤਾ ਗਿਆ।ਇਸ ਦੌਰਾਨ ਕਈ ਲੋਕ ਅਤੇ ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਗੋਲੀ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਵੀ ਖ਼ਬਰ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਨੂਹ ਜ਼ਿਲ੍ਹਾ ਪ੍ਰਸ਼ਾਸਨ ਨੇ ਸਥਿਤੀ ਨਾਲ ਨਜਿੱਠਣ ਲਈ ਦੂਜੇ ਜ਼ਿਲ੍ਹਿਆਂ ਤੋਂ ਪੁਲੀਸ ਫੋਰਸ ਬੁਲਾ ਲਈ ਹੈ, ਨਾਲ ਹੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰਕੇ ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ ਹੈ। ਜ਼ਿਲ੍ਹੇ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ।ਸੂਤਰਾਂ ਅਨੁਸਾਰ ਬ੍ਰਜਮੰਡਲ ਯਾਤਰਾ ਨੂਹ ਦੇ ਨਲਹਾਦ ਸ਼ਿਵ ਮੰਦਰ ਤੋਂ ਸ਼ੁਰੂ ਹੋ ਕੇ ਫਿਰੋਜ਼ਪੁਰ-ਝਿਰਕਾ ਵੱਲ ਗਈ। ਜਿਉਂ ਹੀ ਇਹ ਯਾਤਰਾ ਤਿਰੰਗਾ ਪਾਰਕ ਨੇੜੇ ਪੁੱਜੀ ਤਾਂ ਉੱਥੇ ਪਹਿਲਾਂ ਹੀ ਇੱਕ ਸਮੂਹ ਦੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਜਿਵੇਂ ਹੀ ਆਹਮੋ-ਸਾਹਮਣੇ ਆਉਂਦਿਆਂ ਹੀ ਦੋਵਾਂ ਧਿਰਾਂ ਵਿੱਚ ਝਗੜਾ ਹੋ ਗਿਆ ਅਤੇ ਕੁਝ ਹੀ ਸਮੇਂ ਵਿੱਚ ਪੱਥਰਬਾਜ਼ੀ ਸ਼ੁਰੂ ਹੋ ਗਈ।ਇਹ ਵੀ ਪਤਾ ਲੱਗਾ ਹੈ ਕਿ ਬ੍ਰਜਮੰਡਲ ਯਾਤਰਾ ਦੌਰਾਨ ਜਿਵੇਂ ਹੀ ਹਿੰਸਾ ਭੜਕੀ, ਨੇੜਲੇ ਪੇਂਡੂ ਖੇਤਰਾਂ ਦੇ ਨੌਜਵਾਨਾਂ ਦੇ ਵੱਖ-ਵੱਖ ਸਮੂਹਾਂ ਨੇ ਨੂਹ ਸ਼ਹਿਰ ਵੱਲ ਮਾਰਚ ਕੀਤਾ। ਹਥਿਆਰਾਂ ਨਾਲ ਲੈਸ ਇਨ੍ਹਾਂ ਲੋਕਾਂ ਨੇ ਰਸਤੇ ਵਿਚ ਆਉਣ ਵਾਲੇ ਵਾਹਨਾਂ ਦੀ ਭੰਨਤੋੜ ਕੀਤੀ ਅਤੇ ਲੁੱਟਮਾਰ ਕੀਤੀ। ਬਦਮਾਸ਼ਾਂ ਨੇ ਕਈ ਥਾਵਾਂ 'ਤੇ ਪੁਲਿਸ ਟੀਮਾਂ 'ਤੇ ਹਮਲੇ ਵੀ ਕੀਤੇ।ਇਨ੍ਹਾਂ ਘਟਨਾਵਾਂ ਨਾਲ ਸਬੰਧਤ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ।ਸੀਐਮ ਮਨੋਹਰ ਲਾਲ ਦੇ ਓਐਸਡੀ ਜਵਾਹਰ ਯਾਦਵ ਨੇ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ। ਆਸ-ਪਾਸ ਦੇ ਜ਼ਿਲ੍ਹਿਆਂ ਦੀ ਪੁਲੀਸ ਨੂਹ ਪੁੱਜ ਗਈ ਹੈ। ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਘਰਾਂ ਤੋਂ ਬਾਹਰ ਨਾ ਨਿਕਲਣ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ।