ਮੋਰਿੰਡਾ 31 ਜੁਲਾਈ (ਭਟੋਆ)
ਨਜ਼ਦੀਕੀ ਪਿੰਡ ਲੁਠੇੜੀ ਵਿਖੇ ਪਿੰਡ ਦੀਆਂ ਔਰਤਾਂ ਵੱਲੋਂ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਤੀਆਂ ਦਾ ਤਿਓਹਾਰ ਬੜੇ ਉਤਸ਼ਾਹ ਅਤੇ ਚਾਅ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਮਨਜੀਤ ਕੌਰ ਨੇ ਦੱਸਿਆ ਕਿ ਤੀਆਂ ਦੇ ਤਿਓਹਾਰ ਮੌਕੇ ਆਮ ਆਦਮੀ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਮਹਿਲਾ ਵਿੰਗ ਦੀ ਆਗੂ ਅੰਮ੍ਰਿਤਪਾਲ ਕੌਰ ਨਾਗਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਮੈਡਮ ਅੰਮ੍ਰਿਤਪਾਲ ਕੌਰ ਨਾਗਰਾ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਸਾਡੀ ਵਿਰਾਸਤ ਹਨ ਅਤੇ ਸਾਨੂੰ ਸਾਰਿਆਂ ਨੂੰ ਅਪਣੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਅਪਣੇ ਪੱਧਰ 'ਤੇ ਬਣਦਾ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਜਿਥੇ ਗਿੱਧਾ, ਬੋਲੀਆਂ ਅਤੇ ਪੰਜਾਬੀ ਪਹਿਰਾਵਾ ਇਸ ਤੀਆਂ ਦੇ ਤਿਓਹਾਰ ਦਾ ਮੁੱਖ ਕੇਂਦਰ ਰਿਹਾ ਉਥੇ ਹੀ ਤੀਆਂ ਦੇ ਤਿਓਹਾਰ ਮੌਕੇ ਪਿੰਡ ਦੀ ਵਿਆਹੀਆਂ ਕੁੜੀਆਂ ਨੂੰ ਸੰਧਾਰੇ ਵੱਜੋਂ ਦੋ ਕਿਲੋ ਬਿਸਕੁਟ ਅਤੇ 100 ਰੁਪਏ ਸ਼ਗਨ ਦੇ ਰੂਪ ਵਿੱਚ ਦਿੱਤੇ ਗਏ। ਇਥੇ ਦੱਸਣਯੋਗ ਹੈ ਕਿ ਪਿੰਡ ਦੀ ਇੱਕ ਕੁੜੀ ਜੋ ਕਿ ਕਾਫੀ ਜ਼ਿਆਦਾ ਬਿਰਧ ਹੋ ਚੁੱਕੀ ਹੈ ਨੂੰ ਵੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਬੁਲਾ ਕੇ ਸੰਧਾਰਾ ਅਤੇ ਸ਼ਗਨ ਦਿੱਤਾ ਗਿਆ। ਔਰਤਾਂ ਅਤੇ ਨਗਰ ਨਿਵਾਸੀਆਂ ਨੇ ਤੀਆਂ ਦੇ ਇਸ ਤਿਓਹਾਰ ਦੀ ਸਫਲਤਾ ਲਈ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਧੰਨਵਾਦ ਕੀਤਾ। ਪਿੰਡ ਲੁਠੇੜੀ ਵਿਖੇ ਅਪਣੀ ਤਰ੍ਹਾਂ ਦਾ ਇਹ ਪਹਿਲਾ ਸੱਭਿਆਚਾਰਕ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਤਾ ਹਰਬੰਸ ਕੌਰ, ਕੇਸਰ ਕੌਰ, ਗੁਰਜੀਤ ਕੌਰ ਅਤੇ ਮਨਜੀਤ ਕੌਰ ਆਦਿ ਸਮੇਤ ਨਗਰ ਨਿਵਾਸੀ ਹਾਜ਼ਰ ਸਨ।