ਮੋਰਿੰਡਾ 24 ਜੁਲਾਈ ( ਭਟੋਆ)
ਆਖਰਕਾਰ ਪੰਜਾਬ ਸਰਕਾਰ ਨੇ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਕਰਵਾਉਣ ਲਈ ਸਮਾਂ ਨਿਸ਼ਚਿਤ ਕਰ ਹੀ ਦਿੱਤਾ ਹੈ। ਇਸ ਸੰਬੰਧੀ ਨਗਰ ਕੌਂਸਲ ਦੇ ਪ੍ਰਸ਼ਾਸਕ ਕਮ ਐਸ ਡੀ ਐਮ ਮੋਰਿੰਡਾ ਸ੍ਰੀ ਦੀਪਾਂਕਰ ਗਰਗ ਵੱਲੋਂ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਸਮੇਤ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ, ਡੀ ਐਸ ਪੀ ਮੋਰਿੰਡਾ ਅਤੇ ਨਗਰ ਕੌਂਸਲ ਮੋਰਿੰਡਾ ਦੇ ਸਮੂਹ 15 ਕੌਂਸਲਰਾਂ ਨੂੰ ਭੇਜੇ ਪੱਤਰ ਵਿੱਚ ਕਿਹਾ ਕਿ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਲਈ 27 ਜੁਲਾਈ 2023 ਨੂੰ ਦੁਪਹਿਰ 1:00 ਵਜੇ ਨਗਰ ਕੌਂਸਲ ਮੋਰਿੰਡਾ ਦੇ ਦਫ਼ਤਰ ਵਿਖੇ ਚੋਣ ਮੀਟਿੰਗ ਸੱਦੀ ਗਈ ਹੈ। ਸ਼੍ਰੀ ਗਰਗ ਵੱਲੋਂ ਸਮੂਹ ਕੌਸਲਰਾਂ ਨੂੰ ਸਮੇਂ ਸਿਰ ਮੀਟਿੰਗ ਵਿੱਚ ਹਾਜ਼ਰ ਹੋਣ ਦੀ ਅਪੀਲ ਕੀਤੀ ਗਈ ਹੈ ।
ਵਰਨਣਯੋਗ ਹੈ ਕਿ ਨਗਰ ਕੌਂਸਲ ਮੋਰਿੰਡਾ ਦੀਆਂ ਚੋਣਾਂ ਕੈਪਟਨ ਸਰਕਾਰ ਸਮੇਂ 14 ਫਰਵਰੀ 2021 ਨੂੰ ਹੋਈਆਂ ਸਨ ਅਤੇ ਉਸ ਵੇਲੇ ਇਸ ਹਲਕੇ ਦੀ ਨੁਮਾਇੰਦਗੀ ਕੈਬਨਿਟ ਮੰਤਰੀ ਸ: ਚਰਨਜੀਤ ਸਿੰਘ ਚੰਨੀ ਵੱਲੋਂ ਕੀਤੀ ਜਾ ਰਹੀ ਸੀ ,ਜਿਹੜੇ ਬਾਅਦ ਵਿੱਚ 111 ਦਿਨਾਂ ਲਈ ਸੂਬੇ ਦੇ ਮੁੱਖ ਮੰਤਰੀ ਵੀ ਬਣੇ, ਪ੍ਰੰਤੂ ਉਹ ਵੀ ਨਗਰ ਕੌਂਸਲ ਦਾ ਪ੍ਰਧਾਨ ਅਤੇ ਮੀਤ ਪ੍ਰਧਾਨ ਨਹੀਂ ਬਣਾ ਸਕੇ। ਇਥੇ ਇਹ ਵੀ ਦੱਸਣਯੋਗ ਇਹਨਾਂ ਚੋਣਾਂ ਵਿਚ ਕਾਂਗਰਸ ਪਾਰਟੀ ਨਾਲ ਸਬੰਧਤ ਉਮੀਦਵਾਰ ਕੋਲ ਬਹੁਮਤ ਹੋਣ ਦੇ ਬਾਵਜੂਦ ਵੀ ਉਹ ਨਗਰ ਕੌਂਸਲ ਦਾ ਪ੍ਰਧਾਨ ਅਤੇ ਮੀਤ ਪ੍ਰਧਾਨ ਨਹੀਂ ਬਣਾ ਸਕੇ, ਕਿਉਂਕਿ ਪੰਜਾਬ ਸਰਕਾਰ ਵੱਲੋ ਨਗਰ ਕੌਂਸਲ ਮੋਰਿੰਡਾ ਦੀ ਪ੍ਰਧਾਨਗੀ ਅਨੁਸੂਚਿਤ ਜਾਤੀ ਵਰਗ ਲਈ ਰਾਖਵੀਂ ਕਰ ਦਿੱਤੀ ਗਈ ਸੀ,ਜਿਸ ਨੂੰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਵਾਰਡ ਨੰਬਰ 14 ਤੋਂ ਮੁੜ ਕੌਂਸਲਰ ਬਣੇ ਸ੍ਰੀ ਰਾਕੇਸ਼ ਕੁਮਾਰ ਬੱਗਾ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਕ ਰਿੱਟ ਪਟੀਸ਼ਨ ਦਾਇਰ ਕਰਕੇ ਚਣੌਤੀ ਦਿੱਤੀ ਗਈ ਸੀ, ਜਿਸ ਕਾਰਨ ਕੌਂਸਲ ਦੇ ਪ੍ਰਧਾਨ ਦੀ ਚੋਣ ਦਾ ਮਾਮਲਾ ਅੱਧ ਵਿਚਕਾਰ ਹੀ ਲਮਕ ਕੇ ਰਹਿ ਗਿਆ। ਪੰਜਾਬ ਵਿੱਚ ਬਣੀ ਆਪ ਸਰਕਾਰ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਵਲੋਂ ਨਗਰ ਕੌਂਸਲ ਦਾ ਮੀਤ ਪ੍ਰਧਾਨ ਬਣਾਉਣ ਲਈ ਕੋਸ਼ਿਸ਼ ਕੀਤੀ ਗਈ ਪ੍ਰੰਤੂ ਇਹ ਕੋਸ਼ਿਸ਼ ਵੀ ਸਿਰੇ ਨਹੀਂ ਚੜ੍ਹ ਸਕੇ। ਹੁਣ ਕਿਉਂਕਿ ਸ੍ਰੀ ਰਕੇਸ਼ ਕੁਮਾਰ ਬੱਗਾ ਵੱਲੋਂ ਦਾਇਰ ਕੀਤੀ ਗਈ ਰਿੱਟ ਪਟੀਸ਼ਨ ਨੂੰ ਉਨ੍ਹਾਂ ਵੱਲੋਂ ਵਾਪਸ ਲੈ ਲਿਆ ਗਿਆ ਹੈ, ਜਿਸ ਲਈ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਲਈ ਰਾਸਤਾ ਸਾਫ ਹੋ ਗਿਆ ਹੈ।
ਇਹ ਵੀ ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਨਾਲ ਸਬੰਧਤ ਕੌਂਸਲਰਾਂ ਵੱਲੋਂ ਆਪਣੇ ਨਾਲ 9 ਮੈਂਬਰ ਦੱਸੇ ਜਾ ਰਹੇ ਹਨ ਅਤੇ ਉਨ੍ਹਾਂ ਵੱਲੋਂ ਹੀ ਪ੍ਰਧਾਨਗੀ ਪਦ ਤੇ ਦਾਅਵਾ ਜਤਾਇਆ ਜਾ ਰਿਹਾ ਹੈ। ਜਦ ਕਿ ਵਿਰੋਧੀ ਧੜੇ ਕੋਲ 6 ਮੈਂਬਰਾਂ ਸਮੇਤ ਹਲਕਾ ਵਿਧਾਇਕ ਦੀ ਇੱਕ ਵੋਟ ਹੈ। ਅਜਿਹੇ ਹਾਲਤਾਂ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਲਈ ਆਪ ਸਰਕਾਰ ਹੁੰਦਿਆ ਕਾਂਗਰਸ ਨਾਲ ਸਬੰਧਿਤ ਪ੍ਰਧਾਨ ਦਾ ਬਣਨਾ ਲਗਭਗ ਨਿਸ਼ਚਿਤ ਜਾਪਦਾ ਹੈ, ਜਦੋਂ ਕਿ ਆਪਸੀ ਸਹਿਮਤੀ ਅਨੁਸਾਰ ਮੀਤ ਪ੍ਰਧਾਨ ਦਾ ਅਹੁਦਾ ਵਿਰੋਧੀ ਧੜੇ ਨੂੰ ਵੀ ਮਿਲ ਸਕਦਾ ਹੈ ਐੱਸਡੀਐਮ ਕਮ ਪ੍ਰਸ਼ਾਸਨ ਸ੍ਰੀ ਦੀਪਾਂਕਰ ਗਰਗ ਵੱਲੋਂ ਨਾਇਬ ਤਹਿਸੀਲਦਾਰ ਮੋਰਿੰਡਾ ਨੂੰ ਐਗਜੇਕਟਿਵ ਮੈਜਿਸਟ੍ਰੇਟ ਵਜੋਂ ਅਤੇ ਡੀ ਐਸ ਪੀ ਮੋਰਿੰਡਾ ਨੂੰ ਅਮਨ ਕਾਨੂੰਨ ਦੀ ਸਥਿਤੀ ਕੰਟਰੋਲ ਵਿਚ ਰੱਖਣ ਲਈ ਕਾਰਵਾਈ ਅਮਲ ਵਿੱਚ ਲਿਆਉਣ ਲਈ ਆਦੇਸ਼ ਦਿੱਤੇ ਗਏ ਹਨ। ਸ਼ਹਿਰ ਵਾਸੀਆਂ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਨੂੰ ਲੈਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਬਾਜ਼ਾਰ ਵਿੱਚ ਗਰਮ ਹਨ ਪਰੰਤੂ ਇਹ ਸਮੇਂ ਹੀ ਤੈਅ ਕਰੇਗਾ ਕਿ ਨਗਰ ਕੌਂਸਲ ਦੇ ਪ੍ਰਧਾਨ ਕੁਰਸੀ ਤੇ ਕਿਹੜਾ ਕੌਂਸਲਰ ਬਿਰਾਜਮਾਨ ਹੁੰਦਾ ਹੈ? ਪ੍ਰੰਤੂ ਢਾਈ ਸਾਲਾਂ ਵਿੱਚ ਪ੍ਰਧਾਨ ਦੀ ਅਣਹੋਂਦ ਕਾਰਨ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਖੂਬ ਚੰਮ ਦੀਆਂ ਚਲਾਈਆਂ ਗਈਆਂ ਹਨ।