ਮੁਲਜਮਾਂ ਨੂੰ ਫਾਂਸੀ ਦਿੱਤੀ ਜਾਵੇ : ਮਾਂਗਟ
ਮੋਰਿੰਡਾ, 23 ਜੁਲਾਈ ( ਭਟੋਆ)
ਚਮਕੌਰ ਸਾਹਿਬ ਇਲਾਕੇ ਦੇ ਇਨਸਾਫ਼ ਪਸੰਦ ਲੋਕਾਂ ਉੱਘੇ ਸਮਾਜ ਸੇਵੀ ਅਮਨਦੀਪ ਸਿੰਘ ਮਾਂਗਟ ਦੀ ਅਗਵਾਈ ਹੇਠ ਮਨੀਪੁਰ ਵਿਖੇ ਔਰਤਾਂ ਨਾਲ ਵਾਪਰੀ ਦਰਿੰਦਗੀ ਦੀ ਘਟਨਾ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ । ਰੋਸ ਪ੍ਰਦਰਸ਼ਨ ਦੌਰਾਨ ਸ਼ਾਮਲ ਲੋਕਾਂ ਵੱਲੋਂ ਮਨੀਪੁਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆ ਮੁਲਜਮਾਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਗਈ । ਇੱਥੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਚੌਂਕ ਵਿਚ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮਾਂਗਟ ਨੇ ਕਿਹਾ ਕਿ ਜਿਸ ਔਰਤ ਨੂੰ ਸਾਡੇ ਸਮਾਜ ਵਿਚ ਵੱਖ- ਵੱਖ ਰੂਪ ਵਿਚ ਪੂਰਾ ਸਤਿਕਾਰ ਹਾਸਲ ਹੈ, ਉਸ ਔਰਤ ਨਾਲ ਮਨੀਪੁਰ ਵਿਖੇ ਦਰਿੰਦਿਆਂ ਨੇ ਵਿਖਾਈ ਦਰਿੰਦਗੀ ਕਾਰਨ ਇਨਸਾਫ਼ ਪਸੰਦ ਲੋਕਾਂ ਦੇ ਸਿਰ ਸ਼ਰਮ ਨਾਲ ਝੁਕ ਜਾਂਦੇ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਔਰਤਾਂ ਵਿਚ ਇੱਕ ਔਰਤ ਉਸ ਫੌਜੀ ਦੀ ਪਤਨੀ ਵੀ ਸ਼ਾਮਲ ਹੈ , ਜਿਸ ਫੌਜੀ ਨੇ ਦੇਸ਼ ਦੀ ਸੁਰੱਖਿਆ ਲਈ ਕਾਰਗਿਲ ਵਿਖੇ ਅੱਗੇ ਹੋ ਕੇ ਦੁਸ਼ਮਣ ਫੌਜ ਨਾਲ ਲੜਾਈ ਵੀ ਲੜੀ , ਪਰ ਇਨ੍ਹਾਂ ਦਰਿੰਦਿਆਂ ਸਾਹਮਣੇ ਉਕਤ ਫੌਜੀ ਵੀ ਬੇਵੱਸ ਹੋ ਕੇ ਰਹਿ ਗਿਆ । ਸ੍ਰੀ ਮਾਂਗਟ ਨੇ ਕਿਹਾ ਕਿ ਅਜਿਹੀ ਸ਼ਰਮਨਾਕ ਘਟਨਾ ਸੂਬਾ ਸਰਕਾਰ ਤੇ ਕਲੰਕ ਹੈ, ਜਿਸ ਤੇ ਤੁਰੰਤ ਸਮੂਹ ਮੁਲਜਮਾਂ ਨੂੰ ਕਾਬੂ ਕਰਕੇ ਫਾਂਸੀ ਦੀ ਸਜਾ ਦਿੱਤੀ ਜਾਵੇ ਤਾਂ ਜੋ ਕਿ ਕੋਈ ਵਿਅਕਤੀ ਅੱਗੇ ਤੋਂ ਅਜਿਹੀ ਗਲਤੀ ਨਾ ਕਰ ਸਕੇ । ਅਕਾਲੀ ਆਗੂ ਬਲਦੇਵ ਸਿੰਘ ਹਾਫਿਜ਼ਾਬਾਦ ਅਤੇ ਕਿਸਾਨ ਆਗੂ ਬਾਈ ਪਰਮਿੰਦਰ ਸਿੰਘ ਸੇਖੋਂ ਨੇ ਨੇ ਵੀ ਮੁਲਜਮਾਂ ਨੂੰ ਤੁਰੰਤ ਕਾਬੂ ਕਰਕੇ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਤਾਂ ਜੋ ਕਿ ਕੋਈ ਮੁੜ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਾ ਦੇ ਸਕੇ । ਇਸ ਮੌਕੇ ਕੌਂਸਲਰ ਭੁਪਿੰਦਰ ਸਿੰਘ ਭੂਰਾ, ਸੁਖਵੀਰ ਸਿੰਘ, ਗੁਰਦੀਪ ਸਿੰਘ ਭਲਵਾਨ, ਹਰਪਾਲ ਸਿੰਘ, ਜਥੇਦਾਰ ਕਰਨੈਲ ਸਿੰਘ, ਕੇਸਰ ਸਿੰਘ, ਕਮਲੇਸ਼ ਵਰਮਾ, ਅਮਰੀਕ ਕੌਰ, ਸਰਬਜੀਤ ਕੌਰ, ਕੁਲਵੰਤ ਸਿੰਘ, ਮਨਜੀਤ ਕੌਰ ਅਤੇ ਕੁਲਦੀਪ ਸਿੰਘ ਆਦਿ ਹਾਜਰ ਸਨ ।