ਮੋਰਿੰਡਾ, 23 ਜੁਲਾਈ (ਭਟੋਆ) -
ਮੋਰਿੰਡਾ ਚੁੰਨੀ ਰੋਡ 'ਤੇ ਸਥਿੱਤ ਦਰਪਣ ਇਨਕਲੇਵ ਵਿੱਚ ਖੜੀ ਇੱਕ ਆਲਟੋ ਕਾਰ ਨੂੰ ਬੀਤੀ ਰਾਤ ਕਰੀਬ ਡੇਢ ਵਜੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ਦੀ ਪਿਛਲੀ ਸੀਟ ਵਾਲਾ ਸ਼ੀਸ਼ਾ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਉਸ ਸਮੇਂ ਅਸਫ਼ਲ ਹੋ ਗਈ ਜਦੋਂ ਘਰ ਵਾਲੇ ਜਾਗ ਗਏ ਅਤੇ ਚੋਰ ਅਪਣਾ ਮੋਬਾਇਲ ਫ਼ੋਨ ਕਾਰ ਵਿੱਚ ਹੀ ਛੱਡ ਕੇ ਭੱਜ ਗਏ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਨਰਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ ਮਕਾਨ ਨੰ: 204, ਦਰਪਣ ਇਨਕਲੇਵ ਮੋਰਿੰਡਾ ਨੇ ਦੱਸਿਆ ਕਿ ਉਨਾਂ ਦੀ ਆਲਟੋ ਕੇ, 10 ਕਾਰ ਰਜਿਸਟ੍ਰੇਸ਼ਨ ਨੰਬਰ ਪੀ. ਬੀ . 65 ਏ. ਸੀ. 0452 ਘਰ ਦੇ ਬਾਹਰ ਖੜੀ ਸੀ,ਤਾਂ ਰਾਤ ਦੇ ਕਰੀਬ ਡੇਢ ਵਜੇ ਉਨਾਂ ਦੀ ਬੇਟੀ ਦੀ ਅਚਾਨਕ ਅੱਖ ਖੁੱਲ ਗਈ ਅਤੇ ਉਸਨੇ ਦੇਖਿਆ ਕਿ ਕੁਝ ਵਿਅਕਤੀ ਉਨਾਂ ਦੀ ਘਰ ਦੇ ਬਾਹਰ ਖੜੀ ਕਾਰ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਉਸਨੇ ਅਪਣੇ ਘਰ ਦੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਜਗਾਇਆ 'ਤੇ ਕਾਰ ਚੋਰੀ ਸਬੰਧੀ ਦੱਸਿਆ। ਜਿਸਤੇ ਸਾਰੇ ਪਰਿਵਾਰਿਕ ਮੈਂਬਰਾਂ ਨੇ ਤੁਰੰਤ ਡੰਡੇ ਸੋਟੇ ਹੱਥਾਂ ਵਿੱਚ ਲੈ ਕੇ ਚੋਰਾਂ ਨੂੰ ਲਲਕਾਰਿਆ ਤਾਂ ਚੋਰੀ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਮੋਟਰਸਾਇਕਲ 'ਤੇ ਸਵਾਰ ਹੋ ਕੇ ਮੌਕੇ ਤੋਂ ਭੱਜ ਗਏ ਅਤੇ ਆਪਣਾ ਮੋਬਾਇਲ ਫੋਨ ਵੀ ਗੱਡੀ ਵਿੱਚ ਹੀ ਛੱਡ ਗਏ। ਨਰਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਤੁਰੰਤ ਪੁਲਿਸ ਹੈਲਪ ਲਾਈਨ ਨੰਬਰ 100 ਉੱਪਰ ਵਾਪਰੀ ਘਟਨਾ ਸੰਬੰਧੀ ਜਾਣੂ ਕਰਵਾ ਦਿੱਤਾ ਤੇ ਫੋਨ ਕਰਕੇ ਪੁਲਿਸ ਦੀ ਮੱਦਦ ਮੰਗੀ ਅਤੇ ਸਾਰੀ ਘਟਨਾ ਦੀ ਸੂਚਨਾ ਦੇ ਦਿੱਤੀ। ਪ੍ਰੰਤੂ ਅਫ਼ਸੋਸ ਕਿ ਪੁਲਿਸ ਪਾਰਟੀ ਸਵੇਰੇ 5 ਵਜੇ ਮੌਕੇ `ਤੇ ਪੁੱਜੀ ਜਿਸ ਨੇ ਵਾਰਦਾਤ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਉਨਾਂ ਗੱਡੀ ਵਿੱਚੋਂ ਮਿਲਿਆ ਮੋਬਾਇਲ ਫੋਨ ਵੀ ਪੁਲਿਸ ਦੇ ਹਵਾਲੇ ਕਰ ਦਿੱਤਾ।
ਉਨਾਂ ਕਿਹਾ ਕਿ ਸਵੇਰੇ ਜਦੋਂ ਅਸੀਂ ਲਿਖ਼ਤੀ ਸ਼ਿਕਾਇਤ ਦੇਣ ਲਈ ਸਿਟੀ ਪੁਲਿਸ ਥਾਣਾ ਮੋਰਿਡਾ ਪੁੱਜੇ ਤਾਂ ਪੁਲਿਸ ਕਰਮਚਾਰੀਆਂ ਨੇ ਉਨਾ ਨੂੰ ਕਿਹਾ ਕਿ ਇਹ ਮੋਬਾਈਲ ਫੋਨ ਤਾਂ ਟੁੱਟਿਆ ਹੋਇਆ ਹੈ, ਅਤੇ ਇਸ ਵਿੱਚ ਕੋਈ ਸਿਮ ਕਾਰਡ ਵੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਹ ਸੁਣ ਕੇ ਅਸੀਂ ਬਹੁਤ ਹੈਰਾਨ ਹੋਏ ਕਿਉਂਕਿ ਕਾਰ ਚੋਰੀ ਦੀ ਕੋਸ਼ਿਸ਼ ਕਰਦੇ
ਸਮੇਂ ਚੋਰਾਂ ਦਾ ਮੋਬਾਈਲ ਫੋਨ ਕਾਰ ਵਿੱਚ ਹੀ ਡਿੱਗ ਪਿਆ ਸੀ , ਜੋ ਸਾਡੇ ਕੋਲ ਮੌਜੂਦ ਸੀ ਅਤੇ ਜਿਸ ਉਪਰ ਕੁਝ ਫੋਨ ਕਾਲ ਆ ਵੀ ਰਹੀਆਂ ਸਨ ਅਤੇ ਕੁਝ ਫੋਨ ਕਾਲ ਕੀਤੀਆਂ ਵੀ ਗਈਆਂ ਸਨ।
ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ ਸੁਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਅਤੇ ਫੋਨ ਦੇ ਸਿਮ ਤੋਂ ਹੋਈਆਂ ਅਤੇ ਆਈਆਂ ਫੋਨ ਕਾਲਾਂ ਦੀ ਡਿਟੇਲ ਕਢਵਾਈ ਜਾ ਰਹੀ ਹੈ।